ਪੰਜਾਬੀ ਤਰਜ਼ਮਾ – ਅਮਨਦੀਪ ਕੌਰ
ਮੈਂ ਰਿਫਿਊਜੀ ਨਹੀਂ ਸਾਂ, ਪਰ ਮੇਰੇ ਮਾਪਿਆਂ ਦੀਆਂ ਯਾਦਾਂ ਰਾਹੀਂ ਹੋ ਨਿੱਬੜੀ ਸਾਂ। ਹਰ ਚੀਜ਼ ਵਿਚ ਯਾਦਾਂ ਸਨ- ਉਨ੍ਹਾਂ ਦੇ ਘਾਟੇ, ਪੀੜ, ਗਮ, ਭਾਸ਼ਾ, ਸ਼ਬਦਾਂ, ਕੱਪੜਿਆਂ ਅਤੇ ਖਾਣੇ ਵਿਚ ਵੀ। ਮੇਰੇ ਪਿਤਾ ਜੀ ਖਾਣੇ ‘ਚ ਅਕਸਰ ਦੋ ਫੁਲਕੇ, ਹੱਥ ਨਾਲ ਭੰਨਿਆ ਗੰਢਾ ਜਿਸ ਵਿੱਚ ਲੂਣ ਤੇ ਲਾਲ ਮਿਰਚਾਂ ਖੁੱਲ੍ਹੇ ਦਿਲ ਨਾਲ ਮਿਲਾਈਆਂ ਹੁੰਦੀਆਂ, ਮੰਗਦੇ ਹੁੰਦੇ ਸਨ। ਉਸ ਦੌਰ ਵਿੱਚ ਕਈ ਮਹੀਨਿਆਂ ਤੀਕ ਉਹ ਇਸੇ ਖਾਣੇ ਨਾਲ ਗੁਜ਼ਰ ਕਰਦੇ ਰਹੇ।
ਫਿਰ ਵੀ, ਮੈਂ ਪਲਾਇਨ ਕੀਤਾ। ਪਰ ਮੇਰੇ ਮਾਪਿਆਂ ਦੇ ਉਲਟ, ਜਿਨ੍ਹਾਂ ਨੂੰ ਮਜ਼ਬੂਰੀ ‘ਚ ਛੱਡਣਾ ਪਿਆ, ਮੇਰੇ ਲਈ ਘਰ ਛੱਡਣਾ ਕੋਈ ਮਜ਼ਬੂਰੀ ਨਹੀਂ, ਸਗੋਂ ਮੇਰੀ ਆਪਣੀ ਮਰਜ਼ੀ ਸੀ। ਜਾਣ ਦੀ ਕਾਹਲੀ ਵਿਚ, ਉਨ੍ਹਾਂ ਆਪਣੇ ਦਿਲਾਂ ਤੇ ਦਿਮਾਗਾਂ ਵਿਚ ਯਾਦਾਂ ਤੇ ਸ਼ਬਦਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ ਢੋਇਆ ਪਰ ਉਨ੍ਹਾਂ ਦਾ ਘਾਟਾ ਅਕਸਰ ਉਨ੍ਹਾਂ ਦੀਆਂ ਆਵਾਜ਼ਾਂ ਅਤੇ ਵਾਕਾਂ ਵਿਚ ਝਲਕਦਾ। ਉਨ੍ਹਾਂ ਵਾਂਗ ਮੈਂ ਵੀ ਕੋਈ ਵਾਧੂ ਸਮਾਨ ਨਹੀਂ ਢੋਇਆ ਉਂਝ ਮੈਂ ਪਿੱਛੇ ਬਹੁਤਾ ਛੱਡਿਆ, ਜਿਸ ਨਾਲ ਬਾਅਦ ਵਿਚ ਮੇਰੇ ਮਾਪਿਆਂ ਨੂੰ ਨਜਿੱਠਣਾ ਪਿਆ। ਛੋਟੀਆਂ-ਛੋਟੀਆਂ ਚਿੱਠੀਆਂ ਵੀ ਉਹਨਾਂ ਗੁੱਝੀਆਂ ਥਾਵਾਂ ‘ਤੇ, ਜਿੱਥੇ ਮੈਨੂੰ ਪਤਾ ਸੀ ਕਿ ਉਹ ਅਕਸਰ ਹੀ ਫਰੋਲਾ-ਫਰੋਲੀ ਕਰਦੇ ਸਨ। ਮੈਨੂੰ ਉਮੀਦ ਸੀ ਕਿ ਗੋਦਰੇਜ ਅਲਮਾਰੀ ਦੀਆਂ ਕਾਣਸਾਂ ‘ਤੇ ਵਿਛੇ ਅਖਬਾਰਾਂ ਹੇਠਾਂ ਲੁਕੋਏ ਪੈਸੇ ਭਾਲਦਿਆਂ ਜਦੋਂ ਮਾਂ ਨੂੰ ਮੇਰੀ ਚਿੱਠੀ ਮਿਲੇਗੀ ਤਾਂ ਉਹ ਖਿੜ ਉੱਠੇਗੀ ਤੇ ਇਕ ਹੋਰ ਚਿੱਠੀ ਦੀ ਭਾਲ ਵਿਚ ਕਈ ਤਹਿਆਂ ਫਰੋਲੇਗੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੂੰ ਅਗਲੀ ਚਿੱਠੀ ਉਦੋਂ ਹੀ ਨਹੀਂ ਸੀ ਮਿਲੀ, ਕਿਉਂਕਿ ਇਹ ਭਰੋਸਾ ਉਸ ਨੂੰ ਸੀ ਕਿ ਅਲਮਾਰੀ ਵਿਚ ਅਖ਼ਬਾਰਾਂ ਬਦਲਣ ਦੇ ਮਹੀਨੇਵਾਰ ਅਮਲ ਦੌਰਾਨ ਅਗਲੀ ਚਿੱਠੀ ਲੱਭ ਪਵੇਗੀ। ਮੇਰੇ ਜਾਣ ਤੋਂ ਅਗਲੇ ਦਿਨ ਮੇਰੇ ਪਿਤਾ ਨੂੰ ਇਕ ਚਿੱਠੀ ਆਪਣੇ ਗੁਟਕਾ ਸਾਹਿਬ ਵਿਚ ਪਈ ਮਿਲੀ। ਉਸ ਦਿਨ ਉਨ੍ਹਾਂ ਦਾ ਜਨਮ ਦਿਨ ਸੀ ਅਤੇ ਮੈਂ ਜਾਣਦੀ ਸੀ ਕਿ ਹਮੇਸ਼ਾ ਦੀ ਤਰ੍ਹਾਂ, ਨਹਾਉਣ ਤੋਂ ਬਾਅਦ ਉਹ ਪਾਠ ਕਰਨ ਬੈਠਣਗੇ ਅਤੇ ਮੇਰੀ ਚਿੱਠੀ ਅਤੇ ਜਨਮ-ਦਿਨ ਦਾ ਕਾਰਡ ਵੀ ਉਨ੍ਹਾਂ ਨੂੰ ਮਿਲ ਜਾਵੇਗਾ।
ਹਾਲਾਂਕਿ ਮੈਨੂੰ ਅਣਜਾਣਿਆਂ ਹੀ ਬਹੁਤ ਭਾਰ ਢੋਣਾ ਪਿਆ। ਪਹਿਲਾਂ ਮੈਂ ਇਸ ਨੂੰ ਗੌਲਿਆ ਨਾ, ਕਿਉਂਕਿ ਇਹ ਮੈਨੂੰ ਇਕ ਪੁੜੀ ਦੇ ਰੂਪ ਵਿਚ ਮਿਲਿਆ। ਮੇਰੀ ਮਾਂ ਦਾ ਹੱਥੀਂ ਕੁੱਟ ਕੇ ਪਿਆਰ ਨਾਲ ਪੈਕ ਕੀਤਾ, ਘਰੇ ਬਣਾਇਆ ਗਰਮ ਮਸਾਲਾ। ਸਭ ਮਸਾਲਿਆਂ ਦੇ ਮਗਰੋਂ ਉਹ ਸਾਡੇ ਖਾਣੇ ਵਿਚ ਇਸਨੂੰ ਮਿਲਾਉਂਦੀ, ਜੋ ਖਾਣੇ ਨੂੰ ਨਵੀਂ ਮਹਿਕ ਅਤੇ ਰੰਗਤ ਦਿੰਦਾ। ਗਰਮ ਅਤੇ ਭਾਫ਼ ਛੱਡਦੀ ਕੜਾਹੀ ‘ਚੋਂ ਸੁਆਦ ਉੱਠਦੇ ਅਤੇ ਪੂਛ ਵਾਲੇ ਬੱਦਲ ਵਾਂਗ, ਪੂਰੇ ਘਰ ਵਿਚ ਫੈਲ ਜਾਂਦੇ। ਮੇਰੇ ਬਚਪਨ ਦੀ ਵਿਲੱਖਣ ਯਾਦ, ਰਸੋਈ ਪ੍ਰਤੀ ਮੇਰਾ ਆਕਰਸ਼ਨ ਜਾਲ ‘ਚ ਫਸੀ ਮੱਛੀ ਵਾਂਗ ਸੀ। ਮੇਰੀ ਮਾਂ ਦੇ ਹੱਥੀਂ ਬਣੇ ਮਸਾਲੇ ਦਾ ਖਾਸ ਗੁਣ ਸੀ- ਹਮੇਸ਼ਾ ਸਹੀ ਮਾਤਰਾ, ਨਾ ਕਦੇ ਘੱਟ ਨਾ ਵੱਧ। ਮੂਲ ਸਵਾਦ ਹਮੇਸ਼ਾ ਉਹੀ ਰਿਹਾ। ਮਾਂਹ, ਮੂੰਗੀ, ਛੋਲਿਆਂ ਅਤੇ ਦਾਲਾਂ ਦੀ ਆਪਣੀ ਮਹਿਕ ਤੇ ਜ਼ਾਇਕਾ ਕਾਇਮ ਰਹਿੰਦਾ। ਸਬਜ਼ੀਆਂ ਜਿਵੇਂ ਗੋਭੀ, ਟਿੰਡੇ, ਮਟਰ ਪਨੀਰ ਅਤੇ ਗਾਜਰ ਬਣਾਉਣ ਦਾ ਉਸਨੂੰ ਪੂਰਾ ਵੱਲ ਸੀ ਅਤੇ ਉਸ ਦਾ ਖਾਣਾ ਅਲੌਕਿਕ ਹੁੰਦਾ। ਘਰ ਵਿਚ ਆਉਂਦੀ ਮਹਿਕ ਤੋਂ ਹੀ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਕੀ ਪੱਕ ਰਿਹਾ ਹੈ। ਜਦ ਵੀ ਉਹ ਮਟਨ ਬਿਰਿਆਨੀ ਬਣਾਉਂਦੀ ਤਾਂ ਸਾਰੇ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਕਿਉਂ ਜੋ 100 ਗਜ਼ ਦੇ ਸਾਡੇ ਘਰ ਤੋਂ ਜਿਸ ਦੀਆਂ ਕੰਧਾਂ ਸਾਂਝੀਆਂ ਸਨ, ਕੋਈ ਭੇਤ ਗੁੱਝਾ ਨਾ ਰਹਿੰਦਾ। ਅਤੇ ਹਮੇਸ਼ਾ ਹੀ ਉਹ ਦਸਵੰਧ ਵੰਡਣ ਲਈ ਲੋੜ ਤੋਂ ਵੱਧ ਹੀ ਪਕਾਉਂਦੀ।
ਮੇਰੀ ਮਾਂ ਦਾ ਘੱਲਿਆ ਗਰਮ ਮਸਾਲੇ ਦਾ ਪੈਕਟ ਮੇਰੇ ਨਵੇਂ ਅਪਾਰਟਮੈਂਟ ਦੇ ਫਰਿੱਜ ਵਿਚ ਪਿਆ ਸੀ, ਜਦੋਂਕਿ ਮੇਰਾ ਸਾਰਾ ਜ਼ੋਰ ਜ਼ਿੰਦਗੀ ਨੂੰ ਪੈਰਾਂ ਸਿਰ ਕਰਨ ਲਈ ਲੱਗਿਆ ਹੋਇਆ ਸੀ। ਬੈਂਕ ‘ਚ ਖਾਤਾ ਖੁਲਵਾਉਣ ਤੋਂ ਲੈ ਕੇ, ਬਿਜਲੀ ਅਤੇ ਹੀਟਿੰਗ ਨੂੰ ਚਾਲੂ ਕਰਾਉਣ, ਨਵੇਂ ਕੋਰਸਾਂ ਨੂੰ ਰਜਿਸਟਰ ਕਰਾਉਣ ਤੇ ਪੜ੍ਹਾਉਣ ਅਤੇ ਫੋਨ ਲਾਈਨ ਨੂੰ ਚਾਲੂ ਕਰਾਉਣ, ਸਰਦੀਆਂ ਦੇ ਠੰਢੇ ਮੌਸਮ ਤੋਂ ਪਹਿਲਾਂ ਗਰਮ ਕੱਪੜੇ ਅਤੇ ਜੁੱਤੇ ਖਰੀਦਣ ਜਿਹੇ ਕਈ ਕੰਮ ਕਰਨ ਵਾਲੇ ਸਨ। ਇੱਕੋ-ਇਕ ਕੜਾਹੀ ਵਾਲੀ ਛੋਟੀ ਰਸੋਈ ਦੀ ਵਰਤੋਂ ਸਿਰਫ਼ ਨਾਸ਼ਤਾ ਬਣਾਉਣ ਲਈ ਹੁੰਦੀ ਜਿਹਦੇ ਵਿਚ ਇਕ ਤਲਿਆ ਤੇ ਖਸਤਾ ਅੰਡਾ, ਟੋਸਟ ਅਤੇ ਦੁੱਧ ਦਾ ਵੱਡਾ ਭਰਵਾਂ ਗਿਲਾਸ ਸ਼ਾਮਿਲ ਹੁੰਦਾ, ਜਿਹਦਾ ਸਵਾਦ ਮੈਨੂੰ ਅਜੇ ਵੀ ਯਾਦ ਹੈ । ਦੁਪਹਿਰ ਦਾ ਖਾਣਾ ਹਮੇਸ਼ਾ ਕਾਹਲੀ ਵਿਚ ਖਾਂਦੀ – ਚੀਜ ਨਾਲ ਭਰਿਆ ਪੀਜ਼ੇ ਦਾ ਟੁਕੜਾ ਜਾਂ ਰੇਹੜੀ ਤੋਂ ਖਰੀਦਿਆ ਹੌਟ ਡਾਗ । ਅਮਰੀਕੀ ਸੁਪਨੇ ਦੀ ਸ਼ੁਰੂਆਤ ਨੂੰ ਜੀਣ ‘ਚ ਇਹ ਸਭ ਝੱਲਣਾ ਵੀ ਸ਼ਾਮਿਲ ਸੀ। ਰਾਤ ਦੇ ਖਾਣੇ ਵਿਚ ਹਮੇਸ਼ਾ ਪਾਸਤਾ ਹੁੰਦਾ ਜਿਸਨੂੰ ਟਮਾਟਰ ਸਾਸ ਨਾਲ ਖਾਧਾ ਜਾਂਦਾ। ਰਾਤੀਂ 9 ਵਜੇ ਜਦੋਂ ਕਲਾਸਾਂ ਖਤਮ ਹੁੰਦੀਆਂ ਤਾਂ ਰੇਲ ਰਾਹੀਂ ਘਰ ਪਰਤਣ ਨੂੰ ਲਗਪਗ ਇਕ ਘੰਟਾ ਲੱਗ ਜਾਂਦਾ। ਉਦੋਂ ਤਕ ਅਗਲੀ ਕਲਾਸ ਅਤੇ ਅਸਾਈਨਮੈਂਟ ਦੀ ਤਿਆਰੀ ਲਈ ਊਰਜਾ ਨੂੰ ਬਚਾ ਕੇ ਰੱਖਣਾ ਪੈਂਦਾ। ਤਰੀਕਾਂ ਦੇ ਨਿਰੇ ਹਿਸਾਬ-ਕਿਤਾਬ ਨੇ ਮੈਨੂੰ ਚੁਰਾਸੀ ਦੇ ਗੇੜ ‘ਚ ਪਾਈ ਰੱਖਿਆ ਜਾਂ ਸ਼ਾਇਦ ਸਮਾਂ ਹੀ ਖੰਭ ਲਾ ਕੇ ਉੱਡ ਗਿਆ।
ਸਰਦੀਆਂ ਦੀਆਂ ਪਹਿਲੀਆਂ ਛੁੱਟੀਆਂ ਦੌਰਾਨ ਮੈਨੂੰ ਪਹਿਲੀ ਵਾਰ ਆਪਣੇ ਆਲੇ-ਦੁਆਲੇ ਵੇਖਣ ਦਾ ਮੌਕਾ ਮਿਲਿਆ ਕਿ ਮੈਂ ਕਿੱਥੇ ਸਾਂ। ਮੇਰੇ ਫਰਿੱਜ ਦੇ ਭੁੱਲੇ-ਵਿਸਰੇ ਖੂੰਜੇ ਵਿਚ ਗਰਮ ਮਸਾਲੇ ਦੀ ਚਿਰਾਂ ਤੋਂ ਵਿਸਾਰੀ ਪੁੜੀ ਹਾਲੇ ਵੀ ਪਈ ਹੋਈ ਸੀ। ਮੇਰੀ ਰੂਮ-ਮੇਟ ਪਾਕਿਸਤਾਨ ਤੋਂ ਆਪਣੇ ਨਾਲ ਇਕ ਛੋਟਾ ਪ੍ਰੈਸ਼ਰ ਕੁੱਕਰ ਲਿਆਈ ਅਤੇ ਅਸੀਂ ਇਕੱਠਿਆਂ ਮੂੰਗੀ ਦੀ ਦਾਲ, ਗੋਭੀ ਦੀ ਸਬਜ਼ੀ ਅਤੇ ਕੜਾਹੀ ਮੁਰਗ ਪਕਾਇਆ। ਜਿਉਂ ਹੀ ਮਾਂ ਦੇ ਬਣਾਏ ਗਰਮ ਮਸਾਲੇ ਦੀ ਮਹਿਕ ਮੇਰੇ ਛੋਟੇ ਜਿਹੇ ਅਪਾਰਟਮੈਂਟ ਦੀਆਂ ਕੰਧਾਂ ਨਾਲ ਟਕਰਾਈ ਤਾਂ ਇਹ ਘਰ ਹਿੰਦੁਸਤਾਨ ਵਾਲਾ ਛੋਟਾ ਘਰ ਬਣ ਗਿਆ। ਇਸ ਤੋਂ ਪਹਿਲਾਂ ਕਿ ਮੈਂ ਕੁਝ ਖਾ ਸਕਦੀ, ਮੈਂ ਰੋਣ ਲੱਗ ਪਈ। ਕਿਉਂ ਜੋ ਇਹ ਮਹਿਕ ਮੈਨੂੰ ਮੇਰੇ ਬਚਪਨ ‘ਚ ਲੈ ਗਈ, ਜਦੋਂ ਕੂੰਡੀ-ਘੋਟੇ ‘ਚ ਥੋੜ੍ਹਾ ਕੁ ਜ਼ੀਰਾ, ਇਲਾਇਚੀ ਅਤੇ ਮੇਥੀ ਦੀਆਂ ਛੋਟੀਆਂ ਕਲੀਆਂ, ਦਾਲਚੀਨੀ ਅਤੇ ਹੋਰ ਸਮੱਗਰੀ ਮਿਲਾ ਕੇ ਮੇਰੀ ਮਾਂ ਗਰਮ ਮਸਾਲਾ ਕੁੱਟਦੀ ਹੁੰਦੀ ਸੀ। ਜਿਵੇਂ-ਜਿਵੇਂ ਉਹ ਮਸਾਲਾ ਕੁੱਟਦੀ, ਖੁਸ਼ਬੂਦਾਰ ਮਹਿਕ ਦੇ ਬੱਦਲ ਫਟ ਪੈਂਦੇ ਅਤੇ ਦਿਮਾਗ ਦੇ ਹਰ ਉਸ ਕੋਨੇ ਨੂੰ ਛੂਹ ਜਾਂਦੇ ਜਿੱਥੇ ਯਾਦਾਂ ਦਰਜ ਹੁੰਦੀਆਂ ਹਨ ਤੇ ਫਿਰ ਇਨ੍ਹਾਂ ਛੋਟੇ-ਛੋਟੇ ਕੋਨਿਆਂ ‘ਚ ਹੀ ਸਦਾ ਲਈ ਘੁੱਟ ਕੇ ਸਾਂਭ ਲਏ ਜਾਂਦੇ ।
ਇਸ ਸਧਾਰਨ ਜਿਹੇ ਮਿਸ਼ਰਣ ਨੇ ਮੈਨੂੰ ਹੋਰ ਪਕਵਾਨਾਂ ਦਾ ਚੇਤਾ ਕਰਾ ਦਿੱਤਾ, ਪਕਵਾਨ ਜੋ ਮੇਰੀ ਮਾਂ ਬਹੁਤ ਪਿਆਰ ਨਾਲ ਬਣਾਉਂਦੀ ਹੁੰਦੀ ਸੀ। ਦਿੱਲੀ ਦੀਆਂ ਠੰਢੀਆਂ ਸਰਦੀਆਂ ‘ਚ ਜਿਹੜੀ ਸਕੂਨ ਦੇਣ ਅਤੇ ਹਕੀਮਾਂ ਦੇ ਨੁਸਖੇ ਵਾਂਗ ਅਸਰ ਕਰਨ ਵਾਲੀ ਖੁਰਾਕ ਸੀ ਉਹ ਸੀ ਬੇਸਣ ਦੀ ਕੜ੍ਹੀ ਜੋ ਲੱਸੀ ਅਤੇ ਭੁੰਨੇ ਹੋਏ ਬੰਗਾਲੀ ਛੋਲਿਆਂ ਦੇ ਆਟੇ ਨੂੰ ਮਿਲਾ ਕੇ ਬਣਾਈ ਜਾਂਦੀ, ਜਿਸ ਦੀਆਂ ਸੁਨਹਿਰੀ ਤਹਿਆਂ ‘ਤੇ ਪਿਆਜ਼ ਦੇ ਪਕੌੜੇ ਤੈਰਦੇ। ਮਸਾਲੇ ਸੁਆਦ ਅਤੇ ਮਹਿਕ ਨੂੰ ਹੋਰ ਰੰਗਤ ਦਿੰਦੇ। ਜਿਉਂ ਹੀ ਸਰੋਂ ਦੇ ਤੇਲ ‘ਚ ਮਸਾਲੇ ਤੜਕੇ ਜਾਂਦੇ, ਤਾਂ ਇਹਨਾਂ ਦੇ ਭੁੱਜਣ ਨਾਲ ਹਵਾ ਵਿਚ ਨਸ਼ਿਆਈ ਮਹਿਕ ਫੈਲ ਜਾਂਦੀ, ਜੋ ਅੰਤਰ-ਧਿਆਨ ਕਰਨ ਵਾਲੀ ਹੁੰਦੀ। ਅਜਿਹਾ ਪਕਵਾਨ ਉਨ੍ਹਾਂ ਖੁਸ਼ਕ ਮਹੀਨਿਆਂ ‘ਚ ਪੋਸ਼ਣ ਅਤੇ ਗੁਜ਼ਾਰੇ ਦਾ ਸਾਧਨ ਬਣਦਾ, ਜਦੋਂ ਹੋਰ ਖਾਣੇ ਅਤੇ ਬਜਟ ਮੁੱਕ ਗਏ ਹੁੰਦੇ। ਸਾਡੇ ਜ਼ੁਕਾਮ ਅਤੇ ਠੰਢ ਦਾ ਇਲਾਜ ਅਕਸਰ ਇਹ ਗੁਣਕਾਰੀ ‘ਤੇ ਸਿਹਤ ਬਹਾਲੀ ਵਾਲੀ ਗਰਮ ਕੜ੍ਹੀ ਕਰਦੀ, ਜਿਸ ਨਾਲ ਸਾਡੇ ਢਿੱਡ ਭਰਦੇ ਅਤੇ ਰੂਹਾਂ ਨੂੰ ਪੋਸ਼ਣ ਮਿਲਦਾ।
ਮੇਰੇ ਮਨਪਸੰਦ ਖਾਣਿਆਂ ‘ਚ ਸਭ ਤੋਂ ਉੱਪਰ ਕੜ੍ਹੀ ਦਾ ਹੀ ਨਾਮ ਆਉਂਦਾ ਹੈ। ਇਸ ਲਈ ਮੋਟੇ ਪੀਠੇ ਮਸਾਲਿਆਂ ਦੀ ਲੋੜ ਹੁੰਦੀ ਹੈ। ਪੀਲਾ ਸੁਨਹਿਰਾ ਘੋਲ ਜਿਸ ‘ਚ ਮਸਾਲੇ ਅਤੇ ਪਕੌੜੇ ਤੈਰਦੇ, ਮੱਠਾ-ਮੱਠਾ ਪਕਾਇਆ ਜਾਂਦਾ ਹੈ। ਗਰਮ ਚੌਲਾਂ ਨਾਲ ਖਾਣ ਲਈ ਇਸ ਤੋਂ ਵਧੀਆ ਬਦਲ ਨਹੀਂ, ਅਤੇ ਇਹਦੇ ਪੱਕਣ ਲਈ ਕੀਤਾ ਇੰਤਜ਼ਾਰ ਸਫ਼ਲ ਰਹਿੰਦਾ। ਮੇਰੀ ਮਾਂ ਇਸ ਨੂੰ ਸਿਆਲ ਰੁੱਤੇ ਬਣਾਇਆ ਕਰਦੀ, ਜਦੋਂ ਘਰ ‘ਚ ਜਮਾਇਆ ਦਹੀਂ ਬਹੁਤਾ ਨਾ ਖਾਧਾ ਜਾਂਦਾ। ਬਚੇ ਹੋਏ ਦਹੀਂ ਨੂੰ ਰਾਤੀਂ ਬਾਹਰ ਰੱਖ ਦਿੱਤਾ ਜਾਂਦਾ ਅਤੇ ਸਵੇਰੇ ਲੱਸੀ ਬਣਾਉਣ ਲਈ ਰਿੜਕ ਲਿਆ ਜਾਂਦਾ। ਲੱਸੀ ਨੂੰ ਧੁੱਪ ‘ਚ ਖੱਟੀ ਹੋਣ ਲਈ ਰੱਖਿਆ ਜਾਂਦਾ, ਫੇਰ ਬੇਸਣ ‘ਚ ਮਿਲਾ ਕੇ ਤੇਲ, ਅਦਰਕ, ਲਸਣ, ਅਤੇ ਹੋਰ ਮਸਾਲਿਆਂ ਦੇ ਤੜਕੇ ਵਿਚ ਪਕਾਇਆ ਜਾਂਦਾ।
ਮੇਰੀ ਮਾਂ ਨੂੰ ਲੱਸੀ ਅਤੇ ਛੋਲਿਆਂ ਦੇ ਆਟੇ ਦੇ ਘੋਲ ਨੂੰ ਬਣਾਉਣ ‘ਚ ਜ਼ਿਆਦਾ ਸਮਾਂ ਨਹੀਂ ਸੀ ਲੱਗਦਾ ਪਰ ਪਕੌੜੇ ਬਣਾਉਣਾ ਔਖਾ ਕੰਮ ਸੀ। ਬੇਸਣ ਅਤੇ ਬਾਰੀਕ ਕੱਟੇ ਪਿਆਜ਼ ਦੇ ਮਿਸ਼ਰਣ ਤੋਂ ਕੜ੍ਹੀ ਵਾਸਤੇ ਪਕੌੜੇ ਬਣਾਏ ਜਾਂਦੇ। ਜਿਉਂ ਹੀ ਪਹਿਲਾ ਪੂਰ ਨਿੱਕਲਦਾ, ਠੰਢੇ ਹੋਣ ਤੋਂ ਪਹਿਲਾਂ ਹੀ ਡਕਾਰ ਲਿਆ ਜਾਂਦਾ। ਮੇਰੇ ਪਿਤਾ ਜੀ ਇਸ ਕੰਮ ‘ਚ ਮੋਹਰੀ ਸਨ ਅਤੇ ਪਿੱਛੇ ਅਸੀਂ ਕਤਾਰ ‘ਚ ਆਪਣਾ ਹਿੱਸਾ ਲੈਣ ਵਾਸਤੇ ਖੜ੍ਹੇ ਹੁੰਦੇ। ਸਰਦੀਆਂ ਵਿਚ ਪਿਤਾ ਜੀ ਦਾ ਪਸੰਦੀਦਾ ਪਕਵਾਨ ਪਕੌੜੇ ਸਨ, ਅਜਿਹਾ ਪਕਵਾਨ ਜੋ ਹਰ ਗਲਤ ਚੀਜ਼ ਨੂੰ ਸਹੀ ਕਰ ਸਕਦਾ ਸੀ। ਪਰ ਅਸੀਂ ਕਿੰਨਾ ਵੀ ਜ਼ੋਰ ਲਾ ਲੈਂਦੇ, ਮਾਂ ਦੇ ਹੱਥੀਂ ਬਣੇ ਪਕੌੜਿਆਂ ਦੀ ਰੀਸ ਸਾਥੋਂ ਨਾ ਹੁੰਦੀ। ਬਾਕੀ ਪਕਵਾਨਾਂ ‘ਤੇ ਵੀ ਇਹ ਗੱਲ ਓਨੀ ਹੀ ਢੁਕਦੀ ਸੀ। ਉਸਨੂੰ ਪਕੌੜਿਆਂ ਦੇ ਕਈ ਪੂਰ ਕੱਢਣੇ ਪੈਂਦੇ ਤਾਂ ਜੋ ਕੁਝ ਕੁ ਕੜ੍ਹੀ ਲਈ ਬਚਾਏ ਜਾ ਸਕਣ।
ਪਕੌੜਿਆਂ ਦੇ ਨਾਲ ਮਾਂ ਦੋ ਤਰ੍ਹਾਂ ਦੀਆਂ ਚਟਣੀਆਂ ਵੀ ਬਣਾਉਂਦੀ ਸੀ- ਪੁਦੀਨੇ ਤੇ ਇਮਲੀ ਦੀ ਚਟਣੀ। ਪੁਦੀਨੇ ਦੀ ਚਟਣੀ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਧਨੀਏ, ਛੋਟਾ ਪਿਆਜ਼, ਟਮਾਟਰ, ਲਸਣ ਦੀਆਂ ਕੁਝ ਕਲੀਆਂ, ਅਦਰਕ ਦੇ ਛੋਟੇ ਟੁਕੜੇ, ਹਰੀ ਮਿਰਚ, ਅਨਾਰਦਾਣਾ ਤੇ ਸੁਆਦ ਅਨੁਸਾਰ ਲੂਣ ਵਿਚ ਮਿਲਾ ਕੇ ਕੂੰਡੀ-ਘੋਟੇ ਨਾਲ ਚੰਗੀ ਤਰ੍ਹਾਂ ਕੁੱਟ ਲਿਆ ਜਾਂਦਾ ਸੀ। ਮਾਂ ਧਾਤ ਦੇ ਕੂੰਡੇ-ਘੋਟੇ ਨੂੰ ਵਰਤਣ ਤੋਂ ਗੁਰੇਜ਼ ਕਰਦੀ ਕਿਉਂ ਜੋ ਧਨੀਆ ਤੇ ਪੁਦੀਨਾ ਨਰਮ ਹੋਣ ਕਰਕੇ ਧਾਤ ਦਾ ਘੋਟਣਾ ਉਨ੍ਹਾਂ ਦਾ ਸੁਆਦ ਮਾਰ ਦਿੰਦਾ ਸੀ। ਇਮਲੀ ਦੀ ਚਟਣੀ ਬਣਾਉਣ ਲਈ ਉਹ ਇਮਲੀ ਦੇ ਟੁਕੜੇ ਪਾਣੀ ‘ਚ ਭਿਉਂ ਦਿੰਦੀ ਅਤੇ ਬਾਅਦ ਵਿਚ ਨਮਕ, ਸੁਆਦ ਅਨੁਸਾਰ ਲਾਲ ਮਿਰਚ ਤੇ ਤਾਜ਼ਾ ਕੱਟਿਆ ਪਿਆਜ਼ ਮਿਲਾ ਕੇ ਪਾਸੇ ਰੱਖ ਦਿੰਦੀ।
ਜਦੋਂ ਉਹ ਪਕੌੜੇ ਤਲਦੀ, ਬੇਸਣ ਦੀ ਭੂਰ-ਚੂਰ ਤੇਲ ‘ਚ ਛੁੱਟ ਜਾਂਦੀ, ਤਾਂ ਮਾਂ ਉਨ੍ਹਾਂ ਨੂੰ ਛਾਣਨੀ ਨਾਲ ਅਲੱਗ ਕੱਢ ਕੇ ਕੇ ਇਮਲੀ-ਪਾਣੀ-ਪਿਆਜ਼-ਮਸਾਲਿਆਂ ਦੇ ਮਿਸ਼ਰਣ ‘ਚ ਮਿਲਾ ਦਿੰਦੀ। ਗਰਮ ਤੇਲ ਦੇ ਛਿੱਟੇ ਸਾਰੇ ਮਿਸ਼ਰਣ ਨੂੰ ਸੰਗਠਿਤ ਕਰਦੇ। ਜਦੋਂ ਤੀਕ ਪਕੌੜੇ ਤਲੇ ਜਾਂਦੇ, ਭੂਰੇ ਰੰਗ ਦੀ ਚਟਣੀ ਵੀ ਤਿਆਰ ਹੋ ਜਾਂਦੀ। ਇਮਲੀ ਪਾਣੀ ਵਿਚ ਘੁਲ ਕੇ ਤਲੇ ਹੋਏ ਵੇਸਣ ਦੇ ਕਣਾਂ ਅਤੇ ਗਰਮ ਤੇਲ ‘ਚ ਰਚ ਜਾਂਦੀ। ਕੱਟਿਆ ਪਿਆਜ਼ ਸੁਆਦ ਨੂੰ ਦੁੱਗਣਾ ਕਰ ਦਿੰਦਾ। ਤਲੇ ਵੇਸਣ ਦੀ ਭੂਰ-ਚੂਰ ਵੀ ਜ਼ਾਇਆ ਹੋਣ ਤੋਂ ਬਚਾ ਲਈ ਜਾਂਦੀ। ਤਿਆਰ ਹੋਣ ਤੋਂ ਬਾਅਦ ਅੱਧੇ ਪਕੌੜੇ ਕੜ੍ਹੀ ‘ਚ ਮਿਲਾ ਲਏ ਜਾਂਦੇ। ਅਖੀਰ ਵਿਚ ਭੁੱਕਿਆ ਗਰਮ ਮਸਾਲਾ ਖੁਸ਼ਬੂ ਅਤੇ ਸੁਆਦ ‘ਚ ਹੋਰ ਵੀ ਵਾਧਾ ਕਰਦਾ। ਬਾਕੀ ਬਚੇ ਪਕੌੜੇ ਗਰਮਾ-ਗਰਮ ਚਟਣੀ ਨਾਲ ਖਾਧੇ ਜਾਂਦੇ।
ਹੁਣ, ਸਾਲਾਂ ਬਾਅਦ, ਮੈਨੂੰ ਇਸ ਗੱਲ ਦਾ ਸਕੂਨ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਅਦ, ਮੇਰੀ ਬਣਾਈ ਕੜ੍ਹੀ ‘ਚ ਮਾਂ ਦੇ ਹੱਥਾਂ ਦਾ ਸੁਆਦ ਆ ਗਿਆ ਹੈ।
ਬੇਸਨ ‘ਚ ਡੁਬੋਈਆਂ ਹਰੀਆਂ ਮਿਰਚਾਂ ‘ਤੇ ਕੱਟੇ ਪਿਆਜ਼
ਬੇਸਨ ਦੇ ਘੋਲ ‘ਚ ਮਿਲਾਉਣ ਲਈ ਰੱਖੀਆਂ ਕੱਟੀਆਂ ਸਬਜ਼ੀਆਂ
ਤਲੇ ਪਕੌੜੇ
ਕੜ੍ਹੀ
Made me emotional. Our mothers were kitchen bound, unlike us. Their lives centred around the kitchen, while ours is gadget centred!
Thank you so much Rajwinder ji.