Translated from English by Surjit Patar
ਮੇਰੇ ਪਿਤਾ ਜੀ ਓਦੋਂ ਇੰਗਲੈਂਡ ਰਹਿੰਦੇ ਸਨ ।ਅੱਖਾਂ ਦੇ ਵਿਗਿਆਨ ਦੀ ਪੀਐੱਚ. ਡੀ. ਕਰਨ ਦੇ ਸਿਲਸਿਲੇ ਵਿਚ ।ਇਹ 1955 ਦੀ ਗੱਲ ਹੈ ।ਘਰੋਂ ਦੂਰ ਰਹਿਣ ਕਰ ਕੇ ਪਿਤਾ ਜੀ ਓਦਰੇ ਹੋਏ ਸਨ, ਸਿਰਫ਼ ਬੱਚਿਆਂ ਲਈ ਹੀ ਨਹੀਂ, ਆਪਣੀ ਜੀਵਨ—ਸਾਥਣ ਦੇ ਹੱਥਾਂ ਦੇ ਬਣੇ ਸੁਆਦੀ ਖਾਣਿਆਂ ਲਈ ਵੀ।ਬਾਵਜੂਦ ਇਸ ਗੱਲ ਦੇ ਕਿ ਪਿਤਾ ਜੀ ਦੇ ਵਜ਼ੀਫ਼ੇ ਦੀ ਰਕਮ ਬਹੁਤ ਘੱਟ ਹੁੰਦੀ ਸੀ, ਉਨ੍ਹਾਂ ਦਾ ਪਰਵਾਰ ਸਮੁੰਦਰੀ ਜਹਾਜ਼ ਵਿਚ ਉਨ੍ਹਾਂ ਦੇ ਕੋਲ ਜਾ ਕੇ ਰਹਿਣ ਲਈ ਠਿੱਲ੍ਹ ਪਿਆ ।ਉਸ ਸਮੁੰਦਰੀ ਜਹਾਜ਼ ਦਾ ਨਾਮ ਐੱਮ. ਐੱਸ. ਬੇਟਰੀ ਸੀ।ਮੈਂ ਓਦੋਂ ਚਾਰ ਸਾਲਾਂ ਦੀ ਸੀ।
ਅਸੀਂ ਜਹਾਜ਼ ਵਿਚਕਾਰਲੇ ਡੈੱਕ ਉਤੇ ਫੱਟਿਆਂ ਦੇ ਮੰਜਿਆਂ ਉੱਤੇ ਸੌਂਦੇ ।ਸਮੁੰਦਰ ਦੇ ਲਹਿਰਾਉਣ ਕਰ ਕੇ ਮੇਰਾ ਜੀਅ ਹਰ ਵੇਲੇ ਕੱਚਾ ਕੱਚਾ ਹੁੰਦਾ ਰਹਿੰਦਾ ਤੇ ਮੈਂ ਨਿੰਬੂ ਚੂਸਦੀ ਰਹਿੰਦੀ।ਮੈਨੂੰ ਜਹਾਜ਼ ਦੇ ਡਾਈਨਿੰਗ ਹਾਲ ਦਾ ਮੀਨੂ ਹਾਲੇ ਤੱਕ ਯਾਦ ਹੈ : ਬੇਸੁਆਦਾ ਜਿਹਾ ਸੂਪ, ਨਿਰਾ ਪਾਣੀ, ਮੈਸ਼ ਕੀਤੇ ਹੋਏ ਆਲੂ, ਗਿਜਗਿਜੇ ਕਟਲਿਟਸ, ਅੱਧਕੱਚੀਆਂ ਫ਼ਲੀਆਂ । ਮੈਨੂੰ ਰਾਜਮਾਹ ਚਾਵਲ ਬਹੁਤ ਯਾਦ ਆਉਂਦੇ ।
ਲੰਡਨ ਦੇ ਇਕ ਛੋਟੇ ਜਿਹੇ ਫ਼ਲੈਟ ਵਿਚ ਰਹਿੰਦੇ ਸੀ ਅਸੀਂ। ਮੇਰੇ ਬੀ ਜੀ ਘਰ ਚਲਾਉਣ ਲਈ ਥੋੜ੍ਹੇ ਹੋਰ ਪੈਸੇ ਕਮਾਉਣ ਲਈ ਬੀ.ਬੀ.ਸੀ. ਦੇ ਪ੍ਰੋਗਰਾਮ ** ਵਿਮਨਜ਼ ਇੰਡੀਅਨ ਆਵਰ** ਵਿਚ ਹਿੱਸਾ ਲੈਣ ਜਾਂਦੇ ਸਨ।ਇਹ ਪ੍ਰੋਗਰਾਮ ਖਾਣਾ ਪਕਾਉਣ ਬਾਰੇ ਸੀ ਜਿਸ ਵਿਚ ਛੋਲੇ ਭਟੂਰੇ ਅਤੇ ਹੋਰ ਭਾਰਤੀ ਪਕਵਾਨਾਂ ਦੀਆਂ ਰੈਸਪੀਆਂ ਬਾਰੇ ਗੱਲਬਾਤ ਹੁੰਦੀ ।ਬੀ ਜੀ ਨੂੰ ਓਥੋਂ ਇਕ ਗਿੰਨੀ ਦੀ ਪ੍ਰਾਪਤੀ ਹੁੰਦੀ ਜਿਹੜੀ ਪਰਵਾਰ ਦੇ ਕਿਰਸੀ ਖ਼ਜ਼ਾਨੇ ਵਿਚ ਜਮਾਂ ਹੋ ਜਾਂਦੀ। ਬੀ ਜੀ ਨੇ ਪੇਸਟਰੀ ਮੇਕਿੰਗ ਅਤੇ ਬੇਕਰੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ।
ਜਦੋਂ ਅਸੀਂ ਲੰਡਨ ਪਹੁੰਚੇ ਤਾਂ ਲੰਡਨ ਠੰਢਾ ਅਤੇ ਖ਼ੁਸ਼ਕਮਿਜ਼ਾਜ ਲੱਗਾ।ਮੇਰੀਆਂ ਯਾਦਾਂ ਵਿਚ ਬੱਸ ਇਕ ਚੀਜ਼ ਬਚੀ ਹੋਈ ਹੈ : ਅਖ਼ਬਾਰ ਵਿਚ ਲਪੇਟੀੇ ਮੱਛੀ ਅਤੇ ਚਿਪਸ ਦੀ ਮਹਿਕ ਜਿਸ ਉੱਪਰ ਸਿਰਕਾ ਤ੍ਰੌ਼ਂਕਿਆ ਹੁੰਦਾ। ਚਾਰ ਸਾਲ ਲੰਡਨ ਅਤੇ ਲੀਡਜ਼ ਵਿਚ ਗੁਜ਼ਾਰਨ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਮੈਡੀਕਲ ਕਾਲਜ, ਅੰਮ੍ਰਿਤਸਰ ਵਿਚ ਨੌਕਰੀ ਮਿਲ ਗਈ ।ਅਸੀਂ ਓਸੇ ਜਹਾਜ਼ ਵਿਚ ਵਾਪਿਸ ਮੁੜ ਆਏ, ਓਸੇ ਬੇਸੁਆਦੇ ਮੀਨੂ ਅਤੇ ਓਸੇ ਕੱਚੇ ਕੱਚੇ ਹੁੰਦੇ ਜੀ ਦਾ ਅਨੁਭਵ ਕਰਦਿਆਂ।
ਅੰਮ੍ਰਿਤਸਰ ਮੇਰੇ ਲਈ ਬਹਿਸ਼ਤ ਸੀ।ਉਸ ਦੇ ਹਰ ਮੋੜ ਤੇ ਕੋਈ ਨਾ ਕੋਈ ਪਕਵਾਨ ਮਿਲਦਾ ਸੀ।ਮੰਗਲ ਦੀ ਮੱਛੀ, ਨੌਵਲਟੀ ਦੇ ਪੂਰੀ ਆਲੂ, ਬਾਂਸਲ ਦੇ ਬਣਾਏ, ਘਿਉ ਨਾਲ ਗੜੁੱਚ ਮੋਤੀ ਚੂਰ ਦੇ ਲੱਡੂ ।ਚੰਗੇ ਤੋਂ ਚੰਗੇ ਜਾਂ ਭੈੜੇ ਤੋਂ ਭੈੜੇ ਲਫ਼ਜ਼ਾਂ ਵਿਚ ਕਿਹਾ ਜਾਵੇ ਤਾਂ ਇਹ ਹੀ ਕਹਿ ਸਕਦੇ ਹਾਂ ਕਿ ਇਹ ਮੇਰਾ ਵਿਲਾਸੀ ਪੇਟੂਪੁਣਾ ਸੀ। ਤਰਾਂ ਤਰਾਂ ਦੇ ਖਾਣੇ ਅਤੇ ਹੋਰ ਖਾਣੇ । ਖੁਸ਼ੀ ਦੀ ਸਹਿਜ ਸੁਭਾਅ ਤਲਾਸ਼ ਮੇਰੇ ਲਈ ਬੱਸ ਏਹੀ ਸੀ।ਖਾਣਾ ਹੀ ਉਹ ਕੇਂਦਰੀ ਭਾਵ ਸੀ ਜੋ ਮੇਰੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਦਾ ਸੀ।ਮੇਰੀ ਜੀਭ ਅੰਬ ਪਾਪੜ ਨਾਲ ਰਗੜੀ ਅਤੇ ਰੰਗੀ ਰਹਿੰਦੀ , ਜਿਹੜਾ ਮੈਂ ਹਰ ਵੇਲੇ ਚੂਸਦੀ ਰਹਿੰਦੀ ।
ਅਸੀਂ ਅੰਮ੍ਰਿਤਸਰ ਬੜੇ ਘਰ ਬਦਲੇ।ਛੇ ਮਹੀਨੇ ਅਸੀਂ ਕਿਸੇ ਹੋਰ ਘਰ ਰਹਿੰਦੇ , ਅੱਠ ਮਹੀਨੇ ਕਿਸੇ ਹੋਰ।ਮੈਨੂੰ ਰੰਗ ਬਰੰਗੀਆਂ ਗਠੜੀਆਂ ਅਤੇ ਟੋਕਰੀਆਂ ਯਾਦ ਹਨ ਜਿਨ੍ਹਾਂ ਵਿਚ ਲੀੜੇ ਕੱਪੜੇ, ਭਾਂਡੇ, ਆਲੂ, ਪਿਆਜ਼ ਤੇ ਕਿਤਾਬਾਂ ਹੁੰਦੀਆਂ।ਇਹ ਸਾਰਾ ਕੁਝ ਮੈਨੂੰ ਕੌਰੀਡੋਰ ਵਿਚ ਖਿੱਲਰੀਆਂ ਤਸਵੀਰਾਂ ਜਿਹਾ ਲਗਦਾ।ਬਹੁਤੇ ਘਰਾਂ ਵਿਚ ਰਹਿੰਦਿਆਂ ਮੈਨੂੰ ਕੈਂਪ ਵਿਚ ਰਹਿਣ ਵਰਗਾ ਅਹਿਸਾਸ ਹੁੰਦਾl ਜਿਵੇਂ ਅਸੀਂ ਕੋਈ ਐਸਾ ਪਰਵਾਰ ਹੋਈਏ ਜੋ ਹਮੇਸ਼ਾ ਸਫ਼ਰ ਵਿਚ ਰਹਿੰਦਾ ਹੈ ।ਪਰ ਆਰਜ਼ੀਪਨ ਦੇ ਇਸ ਅਹਿਸਾਸ ਨੇ ਮੈਨੂੰ ਕਦੇ ਪਰੇਸ਼ਾਨ ਨਹੀਂ ਕੀਤਾ ਸੀ ।ਮਨ ਵਿਚ ਕਿਸੇ ਪੱਕੇ ਢਾਂਚੇ ਦਾ ਨਾ ਹੋਣਾ, ਜਿੱਥੇ ਵੀ ਥਾਂ ਮਿਲੇ ਸੌਂ ਜਾਣਾ ਮੇਰੀ ਮਸਤ ਮਲੰਗ ਤਬੀਅਤ ਨੂੰ ਚੰਗਾ ਲਗਦਾ ਸੀ।
ਮੇਰਾ ਮਾਤਾ ਪਿਤਾ 1947 ਦੇ ਦੰਗਿਆਂ ਦੌਰਾਨ ਲਾਹੌਰ ਤੋਂ ਪੰਜਾਬ ਆਏ ਸਨ।ਤੇ ਹਰ ਪਲ ਉਡਾਰੀ ਲਈ ਤਿਆਰ ਬਰ ਤਿਆਰ ਰਹਿਣਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ ।ਫਿਰ ਸਾਨੂੰ ਮੈਡੀਕਲ ਕਾਲਜ ਵਿਚ ਮੂਰਤਾਂ ਵਰਗਾ ਸੁਹਣਾ ਸਰਕਾਰੀ ਘਰ ਮਿਲ ਗਿਆ।ਢਾਲ਼ਵੀਆਂ ਟਾਇਲਾਂ ਵਾਲੀਆਂ ਛੱਤਾਂ ਅਤੇ ਮੀਂਹ ਦੇ ਖੁੱਲੇ੍ਹ ਪਰਨਾਲਿਆਂ ਵਾਲਾ ਘਰ ਸੀ ਇਹ। ਇਸ ਵਿਚ ਰੈੱਡ ਆਕਸਾਈਡ ਦੀ ਪਾਲਿਸ਼ ਵਾਲੇ ਫ਼ਰਸ਼ ਸਨ ਤੇ ਲੰਮੇ ਚੌੜੇ ਬਰਾਂਡੇ ।ਰਸੋਈ ਘਰ ਨਾਲ ਲੱਗਵੀਂ ਨਹੀਂ ਸੀ ।ਪਰ ਉਹ ਇਕ ਘੁਮਾਉਦਾਰ ਅੱਧ—ਢਕੀ ਪਟੜੀ ਵਰਗੇ ਰਾਹ ਦੁਆਰਾ ਘਰ ਨਾਲ ਜੁੜੀ ਹੋਈ ਸੀ ।ਟੀਨ ਦੀ ਛੱਤ ਉੱਤੇ ਟੱਪਦੇ ਬਾਂਦਰਾਂ ਦੀ ਆਵਾਜ਼ ਏਦਾਂ ਲਗਦੀ ਜਿਵੇਂ ਕਿਸੇ ਬਾਹਰਲੇ ਨੇ ਹਮਲਾ ਕਰ ਦਿੱਤਾ ਹੋਵੇ।ਜੋ ਉਨ੍ਹਾਂ ਦੇ ਹੱਥ ਆਉਂਦਾ , ਉਹ ਚੁੱਕ ਲਿਜਾਂਦੇ, ਧੁੱਪੇ ਸੁਕਾਈਆਂ ਜਾ ਰਹੀਆਂ ਅਚਾਰੀ ਅੰਬਾਂ ਦੀਆਂ ਫਾੜੀਆਂ, ਪਾਪੜ, ਦਾਣੇ, ਚਾਵਲ।ਕੋਈ ਸਾਵਧਾਨ ਤੋਂ ਸਾਵਧਾਨ ਫ਼ੌਜ ਵੀ ਉਨ੍ਹਾਂ ਦੀ ਹੁਸ਼ਿਆਰੀ ਅਤੇ ਫ਼ੁਰਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ ।
ਮੇਰੇ ਬੀ ਜੀ ਜਨੂਨ ਦੀ ਹੱਦ ਤੱਕ ਸਫ਼ਾਈਪਸੰਦ ਸਨ।ਰਸੋਈ ਉਨ੍ਹਾਂ ਦੀ ਸਲਤਨਤ ਸੀ।ਜਿਸ ਪਲ ਉਹ ਰਸੋਈ ਵਿਚ ਦਾਖ਼ਲ ਹੁੰਦੇ, ਉਨ੍ਹਾਂ ਦਾ ਕਾਇਆ ਕਲਪ ਹੋ ਜਾਂਦਾ।ਉਹ ਮਾਂ ਨਾ ਰਹਿੰਦੇ।ਅਚਾਨਕ ਇਕ ਜਾਣੇ ਪਛਾਣੇ ਰੰਗ ਢੰਗ ਦੀ ਥਾਂ ਇਕ ਨਵਾਂ ਮੂੰਹ ਮੁਹਾਂਦਰਾ ਪਰਗਟ ਹੋ ਜਾਂਦਾ । ਉਹ ਗੰਦੇ ਪੋਣਿਆਂ, ਬੇਹੇ ਖਾਣਿਆਂ ਅਤੇ ਕਾਲਪਨਿਕ ਕਾਕਰੋਚਾਂ ਦੀ ਜਾਂਚ ਕਰਦੇ।ਕੰਮ ਵਾਲੀਆਂ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦੀਆਂ ਤਾਂ ਜੋ ਉਨ੍ਹਾਂ ਦੀ ਰਫ਼ਤਾਰ ਨਾਲ ਰਲ਼ ਸਕਣ।ਰਸੋਈ ਬੀ ਜੀ ਦੀ ਮਨਪਸੰਦ ਥਾਂ ਸੀ ।ਓਥੇ ਉਹ ਕਈ ਘੰਟੇ ਗੁਜ਼ਾਰ ਦਿੰਦੇ, ਮੁੜ ਮੁੜ ਮਸਾਲਿਆਂ ਦੀ, ਦਾਲ਼ਾਂ ਦੀ, ਘਿਉ ਦੀਆਂ ਪੀਪੀਆਂ ਤੇ ਅਚਾਰਾਂ ਦੇ ਮਰਤਬਾਨਾਂ ਦੀ ਨਿਰਖ ਪਰਖ ਕਰਦਿਆਂ । ਇਹ ਲੇਖ ਲਿਖਣ ਵੇਲੇ ਮੇਰੇ ਮਨ ਵਿਚ ਉਨ੍ਹਾਂ ਦੀ ਜੋ ਨੁਹਾਰ ਉਭਰਦੀ ਹੈ, ਉਹ ਮਲੂਕ ਅਤੇ ਨਿਕਚੂ ਜਿਹੀ ਸੁਆਣੀ ਦੀ ਹੈ, ਜਿਸ ਦੇ ਲੱਕ ਦੁਆਲੇ ਐਪਰਨ ਲਪੇਟਿਆ ਹੁੰਦਾ, ਵਿਰਲੇ ਜਿਹੇ ਵਾਲਾਂ ਨੂੰ ਸੰਭਾਲਣ ਲਈ ਸਿਰ ਤੇ ਸਕਾਰਫ਼ ਬੰਨਿ੍ਹਆ ਹੁੰਦਾ, ਬੁੱਲ੍ਹਾਂ ਉੱਤੇ ਝਿੜਕਾਂ ਫਿਟਕਾਰਾਂ ਦੀ ਇਕ ਲੜੀ ਹੁੰਦੀ ਤੇ ਉਹ ਕਾਹਲੀ ਕਾਹਲੀ ਕੜਛੀਆਂ, ਲੱਕੜ ਦੇ ਚਮਚਿਆਂ, ਸਟੀਲ ਦੇ ਪਤੀਲਿਆਂ, ਮਸਾਲਿਆਂ ਦੀਆਂ ਸ਼ੀਸ਼ੀਆਂ, ਧਨੀਏ ਅਤੇ ਪੂਦਨੇ ਦੀਆਂ ਲਰਾਂ , ਬਰੀਕ ਬਰੀਕ ਕੱਟੇ ਅਧਰਕ ਅਤੇ ਲਸਣ ਦੀਆਂ ਤੁਰੀਆਂ ਦੀ ਚੱਕ ਥੱਲ ਕਰਦੇ ਰਹਿੰਦੇ ।ਆਪਣੇ ਬੀ ਜੀ ਨਾਲ ਹੋਈ ਜਿਹੜੀ ਵੀ ਕੋਈ ਗੱਲਬਾਤ ਮੈਨੂੰ ਚੇਤੇ ਆਉਂਦੀ ਹੈ ਉਹ ਖਾਣੇ ਬਾਰੇ ਹੀ ਹੈ ।ਲੰਚ ਅਤੇ ਡਿਨਰ ਦਾ ਮੀਨੂ ਬਣਾਉਣਾ ਸਾਡੇ ਲਈ ਬੜਾ ਸੰਜੀਦਾ ਕੰਮ ਹੁੰਦਾ ਸੀ।
ਅਜੇ ਬ੍ਰੇਕਫ਼ਾਸਟ ਖ਼ਤਮ ਨਹੀਂ ਹੁੰਦਾ ਸੀ ਕਿ ਲੰਚ ਦੀ ਯੋਜਨਾ ਸ਼ੁਰੂ ਹੋ ਜਾਂਦੀ । ਇਹ ਚੱਕਰ ਚੱਲਦਾ ਹੀ ਰਹਿੰਦਾ ਸੀ।
ਖਾਣਿਆਂ ਦੀ ਯੋਜਨਾ ਦਾ ਆਧਾਰ ਖ਼ੁਰਾਕੀ ਤੱਤ ਵੀ ਹੁੰਦੇ ਤੇ ਖਾਣੇ ਦਾ ਸੁਹਜ ਸੁਆਦ ਵੀ ।ਬ੍ਰੇਕਫ਼ਾਸਟ ਵਿਚ ਦਲ਼ੀਏ ਦਾ ਕੌਲਾ ਹੁੰਦਾ।ਉਹਦੇ ਨਾਲ ਹਲਕੇ ਤਲ਼ੇ ਹੋਏ ਪਨੀਰ ਦੇ ਟੁਕੜੇ, ਜਿਹਨ੍ਹਾਂ ੳੱਤੇ ਲੂਣ ਅਤੇ ਕਾਲ਼ੀ ਮਿਰਚ ਭੁੱਕੀ ਹੁੰਦੀ।ਆਲੇ ਦੁਆਲੇ ਗ੍ਰਿੱਲਿਡ ਟਮਾਟਰ ਅਤੇ ਪਿਆਜ਼ ਹੁੰਦੇ, ਨਾਲ ਫ਼੍ਰੈਂਚ ਫ਼੍ਰਾਈ।ਖਾਣਾ ਜ਼ਾਇਆ ਕਰਨ ਦੀ ਆਗਿਆ ਨਹੀਂ ਸੀ ।ਸੰਜਮ ਇਕ ਵੱਡਾ ਗੁਣ ਮੰਨਿਆ ਜਾਂਦਾ ਸੀ ਤੇ ਮੇਰੇ ਮਾਤਾ ਪਿਤਾ ਦੀਆਂ ਆਦਤਾਂ ਤਪ ਤਿਆਗ ਦੇ ਬਹੁਤ ਨੇੜੇ ਸਨ।ਡਾਕਟਰ ਹੋਣ ਦੇ ਨਾਤੇ ਮੇਰੇ ਪਿਤਾ ਜੀ ਸਿਹਤ ਲਈ ਗੁਣਕਾਰੀ ਖਾਣਾ ਖਾਣ ਤੇ ਜ਼ੋਰ ਦਿੰਦੇ ਸਨ।ਜਿਸ ਵਿਚ ਮੱਖਣ, ਦੁੱਧ, ਘਿਉ, ਲੱਸੀ ਸ਼ਾਮਿਲ ਸਨ ।ਓਦੋਂ ਅਜੇ ਖ਼ੁਰਾਕ ਵਿਚਲੀਆਂ ਕੌਲਰੀਆਂ ਦੀ ਗਿਣਤੀ ਦਾ ਖ਼ਿਆਲ ਸਾਹਮਣੇ ਨਹੀਂ ਆਇਆ ਸੀ।ਮੇਰੇ ਪਿਤਾ ਜੀ ਦੀ ਸਥਾਈ ਟੇਕ ਇਹ ਹੁੰਦੀ ਸੀ : ਜਦੋਂ ਤੁਸੀਂ ਸਾਰੀਆਂ ਸਬਜ਼ੀਆਂ ਖਾਣ ਲੱਗ ਪਏ, ਓਦੋਂ ਮੈਂ ਸਮਝਾਂਗਾ ਕਿ ਤੁਸੀਂ ਸਿਆਣੇ ਹੋ ਗਏ।ਸਿਆਣੇ ਅਖਵਾਉਣ ਲਈ ਸਾਨੂੰ ਕਰੇਲੇ, ਟੀਂਡੇ, ਕੱਦੂ ਖਾਣ ਲਈ ਪ੍ਰੇਰਿਆ ਜਾਂਦਾ ਜਦ ਕਿ ਇਨ੍ਹਾਂ ਵਿਚੋਂ ਕੋਈ ਸਬਜ਼ੀ ਬੱਚਿਆਂ ਨੂੰ ਚੰਗੀ ਨਹੀਂ ਲੱਗਦੀ।
ਰਸੋਈ ਤੋਂ ਇਲਾਵਾ ਮੇਰੇ ਬੀ ਜੀ ਦਾ ਦੂਸਰਾ ਜਨੂੰਨ ਫੁੱਲਾਂ ਵਾਲੇ ਪਰਦੇ , ਛੀਂਟ ਦੀ ਸੋਫ਼ਾਸਾਜ਼ੀ ਅਤੇ ਚੀਨੀ ਮਿੱਟੀ ਦਾ ਸਜਾਵਟੀ ਸਾਜ਼ ਸਮਾਨ ਸੀ ।ਸਾਡੇ ਘਰ ਇਕ ਮਿਹਰਬਾਨ ਰਿਸ਼ਤੇਦਾਰ ਦਾ ਦਿੱਤਾ ਹੋਇਆ ਪੁਰਾਣਾ ਸੋਫ਼ਾ ਸੀ।ਜਦੋਂ ਵੀ ਉਸ ਸੋਫ਼ੇ ਦੀ ਸਹਿੰਦੜ ਸਤਹ ਤੇ ਕੋਈ ਬੈਠਦਾ ਤਾਂ ਚੂੰ ਚੂੰ ਕਰਦੇ ਸਪਰਿੰਗਾਂ ਦੀ ਹਵਾ ਸਰਕ ਜਾਂਦੀ ।ਮੈਨੂੰ ਇਹਦੇ ਕੋਲ ਖੜੇ ਹੋ ਕੇ ਪੋਜ਼ ਬਣਾਉਣੇ , ਮੈਡੀਕਲ ਕਾਲਜ ਦੀ ਕੈਨਟੀਨ ਤੋਂ ਲਿਆਂਦੇ ਹੋਏ ਲਿਜਲਿਜੇ ਚਿਪਸ ਖਾਣੇ, ਬੁਲਬੁਲਿਆਂ ਦੀ ਸਾਂ ਸਾਂ ਤੋਂ ਸੱਖਣਾ ਕੋਕ ਪੀਣਾ ਤੇ ਨਾਲ਼ ਨਾਲ਼ ਮੌਨ ਅਦਾਕਾਰੀ ਕਰਨੀ ਬੜੀ ਚੰਗੀ ਲਗਦੀ।
ਸੋਫ਼ੇ ਉੱਤੇ ਲੱਗੇ ਥਿੰਦੇ ਚਿਪਸ ਦੇ ਚਿਪਚਿਪੇ ਦਾਗਾਂ ਦੇ ਬਾਵਜੂਦ, ਉਸ ਦੀ ਹੱਦੋਂ ਬਾਹਰੀ ਸਜਾਵਟ ਦੀ ਮੌਜੂਦਗੀ ਵਿਚ ਕੁਝ ਖਾਣ ਪੀਣ ਵੇਲੇ , ਮੈਨੂੰ ਆਪਣਾ ਆਪਾ ਕਿਸੇ ਤੁਰਕੀ ਸੁਲਤਾਨ ਦੀ ਐਸ਼ ਕਰ ਰਹੀ ਕਨੀਜ਼ ਜਿਹਾ ਲਗਦਾ ।ਇਕ ਹੋਰ ਦ੍ਰਿਸ਼ ਹਮੇਸ਼ਾ ਮੇਰੇ ਚੇਤਿਆਂ ਵਿਚ ਰਹਿੰਦਾ ਹੈ : ਖਾਣ ਤੋਂ ਪਹਿਲਾਂ ਅਚਾਰ ਨੂੰ ਧੋਂਦੇ ਆਪਣੇ ਬੀ ਜੀ ਦਾ ਦ੍ਰਿਸ਼।ਇਹ ਖ਼ਬਤ ਸਾਰੇ ਵਿਸ਼ਲੇਸ਼ਣਾਂ ਤੋਂ ਪਰੇ੍ਹ ਦਾ ਹੈ ।ਇਹੋ ਜਿਹੇ ਬੰਦਿਆਂ ਨੂੰ ਪੰਜਾਬੀ ਵਿਚ ਵਹਿਮੀ ਕਿਹਾ ਜਾਂਦਾ ਹੈ।ਮੇਰੇ ਬੀ ਜੀ ਦੀ ਥਾਲੀ ਵਿਚੋਂ ਕੋਈ ਬੁਰਕੀ ਨਹੀਂ ਲੈ ਸਕਦਾ ਸੀ, ਕੋਈ ਉਨ੍ਹਾਂ ਦੀ ਚੱਪਲ ਨਹੀਂ ਸੀ ਪਾ ਸਕਦਾ, ਕੋਈ ਉਨ੍ਹਾਂ ਦੇ ਬਿਸਤਰੇ ਤੇ ਨਹੀਂ ਬੈਠ ਸਕਦਾ ਸੀ ।ਜੂਠੇ ਹੋਣ ਦੇ ਸੰਕਲਪ ਦਾ ਅੰਗਰੇਜ਼ੀ ਅਨੁਵਾਦ ਤਕਰੀਬਨ ਅਸੰਭਵ ਹੈ।ਇਸ ਦਾ ਸੰਬੰਧ ਇਸ ਗੱਲ ਨਾਲ ਹੈ ਕਿ ਅਸੀਂ ਸ਼ੁੱਧ ਅਤੇ ਪਲੀਤ ਹੋਣ ਬਾਰੇ ਕਿਵੇਂ ਸੋਚਦੇ ਹਾਂ।ਮੇਰੀ ਬੀ ਜੀ ਇਸ ਰੋਗ ਤੋਂ ਪੀੜਿਤ ਸਨ।
ਬੀ ਜੀ ਦੇ ਇਸ ਰਵੱਈਏ ਦੀ ਸਭ ਤੋਂ ਵੱਡੀ ਗਵਾਹੀ ਦੀਵਾਲੀ ਨੂੰ ਮਿਲਦੀ ਜਦੋਂ ਡਾਕਟਰ ਸਾਹਿਬ ਅਤੇ ਉਨ੍ਹਾਂ ਦੇ ਪਰਵਾਰ ਲਈ ਮਿਠਿਆਈ ਦੇ ਬੇਸ਼ੁਮਾਰ ਡੱਬੇ ਤੁਹਫ਼ੇ ਦੇ ਤੌਰ ਤੇ ਆਉਂਦੇ ।ਮਿਠਿਆਈ ਦੇ ਸਾਰੇ ਡੱਬੇ ਬੀ ਜੀ ਇਕ ਵੱਡੇ ਸਾਰੇ ਭਾਂਡੇ ਵਿਚ ਖ਼ਾਲੀ ਕਰ ਦਿੰਦੇ ।ਤੇ ਕਿਸੇ ਪਤਵੰਤੀ ਪਰੋਹਤਣੀ ਵਾਂਗ ਇਕ ਕੜਾਹੇ ਵਿਚ ਕੋਈ ਜਾਦੂਮਈ ਸ਼ੋਰਬਾ ਘੋਲਦੇ । ਫਿਰ ਸਾਰੀਆਂ ਮਿਠਿਆਈਆਂ ਉਸ ਵਿਚ ਉਲੱਦ ਦਿੰਦੇ।ਉਸ ਉੱਤੇ ਕੋਕੋ ਦਾ ਧੂੜਾ ਭੁੱਕਦੇ ਤੇ ਕੁਝ ਗਿਰੀਆਂ ਰਲ਼ਾ ਦਿੰਦੇ।ਬਰਫ਼ੀ, ਕਲਾਕੰਦ, ਪਿੰਨੀਆਂ, ਮਿਲਕ ਕੇਕ ,ਇਹ ਸਾਰਾ ਕੁਝ ਮਿਲ਼ ਕੇ ਨਸਵਾਰੀ ਜਿਹੇ ਘੱਪੇ ਵਿਚ ਬਦਲ ਜਾਂਦਾ।ਮੇਰੀ ਮਾਂ ਲੋਕਲ ਹਲਵਾਈਆਂ ਦੀ ਬਣਾਈ ਮਿਠਿਆਈ ਸਟੱਰਲਾਈਜ਼ ਕਰਨ ਤੋਂ ਬਿਨਾ ਆਪਣੇ ਪਰਵਾਰ ਨੂੰ ਹਰਗਿਜ਼ ਨਹੀਂ ਸਨ ਖਲਾ ਸਕਦੇ ।
ਇਸ ਸਭ ਦੇ ਬਾਵਜੂਦ ਮੈਂ ਆਪਣੇ ਬਚਪਨ ਦੀ ਰਸੋਈ ਨੂੰ ਬੜੇ ਅਦਬ ਨਾਲ ਯਾਦ ਕਰਦੀ ਹਾਂ।ਸੋਮਵਾਰ ਬੇਕਿੰਗ ਦਾ ਦਿਨ ਹੁੰਦਾ ਸੀ।ਲੰਡਨ ਵਿਚ ਗੁਜ਼ਾਰੇ ਸਮੇਂ ਨੇ ਮੇਰੀ ਮਾਂ ਨੂੰ ਬੇਕਿੰਗ ਦੇ ਹੁਨਰ ਵਿਚ ਕਾਫ਼ੀ ਨਿਪੁੰਨ ਕਰ ਦਿੱਤਾ ਸੀ ।1955 ਮਾਡਲ ਦੇ ਬੇਬੀ ਬੈੱਲਿੰਗ ਅਵਨ ਵਿਚ ਬਣਦੇ ਹੌਟ ਕੇਕਸ, ਸਕੋਨ, ਕੋਕੋਨਟ( ਨਾਰੀਅਲ ) ਕਰੰਚ, ਵਾਲਨਟ (ਅਖਰੋਟ ) ਬ੍ਰਾਊਨੀਜ਼, ਕ੍ਰੀਮ ਪੱਫ਼।ਚਟਨੀ, ਜੈਮ, ਅਚਾਰ ਬਣਾਉਣ ਦੇ ਮਾਹਰ ਮੇਰੇ ਬੀ ਜੀ ਹਮੇਸ਼ਾ ਧਿਆਨ ਰੱਖਦੇ ਕਿ ਉਨ੍ਹਾਂ ਦੀ ਰਸੋਈ ਦੀਆਂ ਸਾਰੀਆਂ ਸ਼ੈਲਫ਼ਾਂ ਕਰੈਮਿਕ ਦੇ ਚਿੱਟੇ ਅਤੇ ਸਰੋ੍ਹਂ—ਫੁੱਲੇ ਰੰਗ ਦੇ ਡੀਜ਼ਾਈਨ ਵਾਲੇ ਮਰਤਬਾਨਾਂ ਨਾਲ ਭਰੀਆਂ ਹੋਈਆਂ ਹੋਣ ।ਸਾਰੇ ਮਰਤਬਾਨਾਂ ਉੱਤੇ ਲੇਬਲ ਲੱਗੇ ਅਤੇ ਤਰੀਕਾਂ ਲਿਖੀਆਂ ਹੋਈਆਂ ਹੋਣ ।ਇਹ ਸ਼ੈਲਫ਼ਾਂ ਦੇਖ ਕੇ ਦਵਾਖ਼ਾਨੇ ਦਾ ਧਿਆਨ ਆਉਂਦਾ।
ਮੈਨੂੰ ਆਟੇ ਅਤੇ ਖ਼ਮੀਰ ਦਾ ਰਚਣਾ ਮਿਚਣਾ ਬੜਾ ਮੋਂਹਦਾ ਸੀ।ਸਟੀਲ ਦੀ ਪਰਾਤ ਵਿਚ ਪਈ ਇਹ ਤੌਣ ਮਲਮਲ ਦੇ ਪੋਣੇ ਨਾਲ਼ ਢਕੀ ਹੁੰਦੀ ਜਿਹੜਾ ਕਈ ਕਈ ਵਾਰ ਧੋਤਾ ਹੋਇਆ ਹੁੰਦਾ। ਇਹ ਪੋਣਾ ਦੇਖ ਕੇ ਮੈਨੂੰ ਅੰਗਰੇਜ਼ੀ ਸ਼ਬਦ ੳੀਗਕ਼ਦਲ਼ਗਕ ( ਕੱਲਾ ਕੱਲਾ ਧਾਗਾ ਦਿਸਣ ) ਦੀ ਸਮਝ ਆਈ ।ਤੌਣ ਦਾ ਫੁੱਲਣਾ ਮੇਰੀਆਂ ਅੱਲ੍ਹੜ ਅੱਖਾਂ ਲਈ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੁੰਦਾ ਸੀ । ਮੈਂ ਸਟੂਲ ਤੇ ਬੈਠੀ, ਇਹਦੀ ਨਿੱਘੀ ਮਹਿਕ ਵਿਚ ਗੁਆਚੀ, ਇਸ ਰਹੱਸਮਈ ਪ੍ਰਕਿਰਿਆ ਨੂੰ ਦੇਖਦੀ ਰਹਿੰਦੀ।
ਜਾਤਾਂ ਅਤੇ ਜਮਾਤਾਂ ਦੀ ਦਰਜਾਬੰਦੀ ਪ੍ਰਤੱਖ ਦਿਖਾਈ ਦਿੰਦੀ ਸੀ।ਕੱਪੜੇ ਧੋਣ ਵਾਲੀ ਔਰਤ ਨੂੰ ਬਚਿਆ ਖੁਚਿਆ ਖਾਣਾ ਦਿੱਤਾ ਜਾਂਦਾ ਸੀ, ਪੁਰਾਣੀ ਅਖ਼ਬਾਰ ਉੱਤੇ ਪਰੋਸ ਕੇ।ਮੈਨੂੰ ਇਹ ਗੱਲ ਦੁੱਖ ਦਿੰਦੀ ਸੀ। ਗੁੱਸੇ ਵਿਚ ਉਬਲਦੀ, ਦੁੱਖ ਵਿਚ ਧੁਖ਼ਦੀ ਮੈਂ ਬਹਿਸ ਕਰਨ ਦੀ ਵੀ ਕੋਸ਼ਿਸ਼ ਕਰਦੀ ਪਰ ਮੈਂ ਘਰ ਦੀ ਫ਼੍ਰੈਂਚਾਈਜ਼ ਦਾ ਹਿੱਸਾ ਨਹੀਂ ਸਾਂ ਤੇ ਮੇਰੀ ਕੋਈ ਏਜੰਸੀ ਨਹੀਂ ਸੀ ।ਬਾਅਦ ਵਿਚ ਮੈਂ ਦੇਖਿਆ ਕਿ ਅਖ਼ਬਾਰਾਂ ਦੀ ਥਾਂ ਭੁਰੇ ਹੋਏ ਕੰਢਿਆਂ ਵਾਲੀ ਪੁਰਾਣੀਆਂ ਪਲੇਟਾਂ ਨੇ ਲੈ ਲਈ ਤੇ ਉਨ੍ਹਾਂ ਨੂੰ ਵੀ ਤਾਜ਼ਾ ਖਾਣਾ ਮਿਲਣ ਲੱਗਾ, ਬੇਸ਼ਕ ਜ਼ਰਾ ਕੰਜੂਸੀ ਨਾਲ।ਕੁਝ ਸਾਲਾਂ ਬਾਅਦ ਦ੍ਰਿਸ਼ ਬਦਲ ਗਿਆ।ਹੁਣ ਕੰਮ ਵਾਲੀਆਂ ਜੋ ਚਾਹੁਣ ਤੇ ਜਿਹੋ ਜਿਹੀਆਂ ਪਲੇਟਾਂ ਵਿਚ ਚਾਹੁਣ ਖਾ ਸਕਦੀਆਂ ਸਨ।ਇਹ ਇਕ ਸਫ਼ਰ ਸੀ, ਜੋ ਕਿ ਘਰ ਵਿਚਲੇ ਰਾਜਸੀ ਅਤੇ ਸਮਾਜਕ ਪਰਿਵਰਤਨ ਦਾ ਬੈਰੋਮੀਟਰ ਸੀ।
ਅਸੀਂ ਸ਼ਾਕਾਹਾਰੀ ਪਰਵਾਰ ਸਾਂ । ਸਾਡੇ ਘਰ ਮੀਟ ਨਹੀਂ ਰਿੰਨਿ੍ਹਆ ਜਾਂਦਾ ਸੀ।ਇਕ ਦਿਨ ਮੈਨੂੰ ਸਦਮਾ ਲੱਗਾ ਇਹ ਜਾਣ ਕੇ ਕਿ ਸਾਡੀ ਸ਼ਾਕਾਹਾਰੀ ਰਸੋਈ ਵਿਚ ਮੁਰਗਾ ਰਿੰਨਿ੍ਹਆ ਜਾਵੇਗਾ।ਕੋਈ ਸਮੁੰਦਰੋਂ ਪਾਰ ਦਾ ਡਾਕਟਰ ਸਾਡੇ ਘਰ ਮਹਿਮਾਨ ਬਣ ਕੇ ਆ ਰਿਹਾ ਸੀ।ਆਪਣੀ ਹੱਤਿਆ ਤੋਂ ਦੋ ਦਿਨ ਪਹਿਲਾਂ ਹੀ ਮੁਰਗਾ ਸਾਡੇ ਘਰ ਆ ਗਿਆ।ਉਹ ਹੁਣ ਮੇਰਾ ਹੀ ਸੀ।ਮੈਂ ਤਾਂ ਉਸ ਦਾ ਨਾਮ ਵੀ ਰੱਖ ਲਿਆ।ਉਸ ਦੀ ਹੱਤਿਆ ਵਾਲੇ ਦਿਨ ਮੈਂ ਉਸ ਨੂੰ ਆਪਣੇ ਨਾਲ ਘੁੱਟ ਲਿਆ ਤੇ ਉਸ ਨੂੰ ਜਿਊਂਦਾ ਰੱਖਣ ਦੀ ਵਕਾਲਤ ਕੀਤੀ।ਕਿਉਂਕਿ ਮੇਰੇ ਮਾਤਾ ਪਿਤਾ ਵੀ ਆਪਣੇ ਫ਼ੈਸਲੇ ਬਾਰੇ ਡਾਂਵਾਂਡੋਲ ਹੀ ਸਨ , ਇਸ ਲਈ ਜੱਕੋ ਤੱਕੀ ਕਰਦਿਆਂ ਮੇਰੀ ਗੱਲ ਮੰਨ ਲਈ ਗਈ।ਮੈਂ ਪਿਆਰ ਨਾਲ ਮੁਰਗੇ ਨੂੰ ਨੁਹਾਇਆ, ਸ਼ੈਂਪੂ ਕੀਤਾ।ਅਗਲੇ ਦਿਨ ਮੁਰਗਾ ਨਮੂਨੀਏ ਨਾਲ ਮਰ ਗਿਆ।
ਮੇਰੇ ਮਾਤਾ ਪਿਤਾ ਦੇ ਪਰਿਵਾਰਕ ਪਿਛੋਕੜ ਬੜੇ ਵੱਖਰੇ ਸਨ।ਮੇਰੇ ਬੇ ਜੀ ਹਮੇਸ਼ਾ ਆਪਣੇ ਪੇਕਿਆਂ ਦੀ ਸ਼ਾਨ ਸ਼ੌਕਤ ਬਾਰੇ ਗੱਲਾਂ ਕਰਦੇ।ਉਹ ਮੈਨੂੰ ਕਹਿੰਦੇ, *ਸਾਡੇ ਘਰ ਟੋਇਲਿਟ ਪੇਪਰ ਹੁੰਦੇ ਸਨ ਜਦ ਕਿ ਤੇਰੇ ਪਿਤਾ ਦੇ ਘਰ ਟੋਇਲਿਟ ਵੀ ਨਹੀਂ ਸੀ।* ਮੈਨੂੰ ਉਹਨਾਂ ਦੱਸਿਆ ਕਿ ਵਿਆਹ ਤੋਂ ਬਾਅਦ ਮੇਰੇ ਪਿਤਾ ਨੇ ਘਰ ਦੀ ਛੱਤ ਉੱਤੇ ਟੋਇਲਿਟ ਬਣਾਈ, ਉਸ ਉੱਤੇ ਟੀਨ ਦੀ ਛੱਤ ਪਾਈ ਤੇ ਦੋ ਇੱਟਾਂ ਨੇ ਲੈਟਰੀਨ ਦਾ ਕੰਮ ਕੀਤਾ ।
ਮੇਰੇ ਬੀ ਜੀ ਦੇ ਪਿਤਾ, ਮੇਰੇ ਨਾਨਾ ਜੀ ਸਰਦਾਰ ਸੰਤ ਸਿੰਘ ਮੈਂਬਰ ਪਾਰਲੀਮੈਂਟ ਸਨ ਤੇ ਉਹ ਈਥੋਪੀਆ ਦੇ ਸਫ਼ੀਰ ਵੀ ਰਹੇ ਸਨ।ਨਹਿਰੂ ਪਰਵਾਰ ਨਾਲ ਉਨ੍ਹਾਂ ਦੀ ਗੂੜ੍ਹੀ ਮਿੱਤਰਤਹ ਸੀ ।ਨਿਜ਼ਾਮੁਦੀਨ ਵਿਚ ਉਨ੍ਹਾਂ ਦੇ ਘਰ ਵਿਚ ਦੋ ਗੁਸਲਖ਼ਾਨੇ ਸਨ l ਇਕ ਅੰਗਰੇਜ਼ੀ ਤੇ ਦੂਜਾ ਭਾਰਤੀ ਸਟਾਈਲ ਦਾ।ਘਰ ਵਿਚ ਦੋ ਰਸੋਈਆਂ ਸਨ : ਇਕ ਸ਼ਾਕਾਹਾਰੀ ਤੇ ਦੂਜੀ ਮਾਸਾਹਾਰੀ।ਮਾਸਾਹਾਰੀ ਰਸੋਈ ਵਿਚ ਚਿੱਟੀਆਂ ਗਲੇਜ਼ਡ ਟਾਇਲਾਂ ਸਨ ਤੇ ਸ਼ਾਕਾਹਾਰੀ ਰਸੋਈ ਗਾਰੇ ਅਤੇ ਇੱਟਾਂ ਦੀ ਬਣੀ ਹੋਈ ਸੀ ਤੇ ਉਸ ਨੂੰ ਗਊ ਗੋਬਰ ਨਾਲ ਅਕਸਰ ਲਿੱਪਿਆ ਜਾਂਦਾ ਸੀ।
ਵਿਸਕੀ ਪੀਣ ਵਾਲੇ, ਬ੍ਰਿਜ ਖੇਡਣ ਵਾਲ਼ੇ ਮੇਰੇ ਨਾਨਕਾ ਪਰਵਾਰ ਦੇ ਬਿਲਕੁਲ ਵਿਪਰੀਤ ਸੀ ਮੇਰਾ ਦਾਦਕਾ ਪਰਵਾਰ।ਮੇਰੇ ਦਾਦਾ ਸਾਹਿਬ ਬਾਬਾ ਹਰਾ ਸਿੰਘ ਪਰਿਵਾਰਕ ਗੁਰਦੁਆਰੇ ਵਿਚ ਰਹਿੰਦੇ ਸਨ ਜੋ ਕਿ ਚੰਡੀਗੜ੍ਹ ਦੇ 21 ਸੈਕਟਰ ਵਿਚ ਸਥਿਤ ਹੈ।ਇਹ ਗੁਰਦੁਆਰਾ ਉਨ੍ਹਾਂ ਨੂੰ ਪਾਕਿਸਤਾਨ ਵਿਚ ਰਹਿ ਗਈ ਜਾਇਦਾਦ ਦੇ ਇਵਜ਼ ਵਿਚ ਮਿਲਿਆ ਸੀ।ਗੁਰਦੁਆਰੇ ਵਿਚ ਰਹਿੰਦੇ ਆਪਣੇ ਦਾਦਾ ਦਾਦੀ ਨੂੰ ਮਿਲਣ ਅਸੀਂ ਤਕਰੀਬਨ ਹਰ ਮਹੀਨੇ ਚੰਡੀਗੜ੍ਹ ਜਾਂਦੇ।ਓਥੇ ਲੰਗਰ ਮੇਰੀ ਮਨਪਸੰਦ ਥਾਂ ਸੀ ।ਮੈਂ ਉਨ੍ਹਾਂ ਸੁਆਣੀਆਂ ਵਿਚ ਸ਼ਾਮਲ ਹੋ ਜਾਂਦੀ ਜੋ ਰੋਟੀਆਂ ਥੱਪਦੀਆਂ ਤੇ ਖੁੱਲੇ੍ਹ ਤੰਦੂਰ ਵਿਚ ਉਨ੍ਹਾਂ ਨੂੰ ਪਕਾਉਂਦੀਆਂ।ਮੈਂ ਆਟਾ ਗੁੰਨ੍ਹਦੀ ।ਗੁੱਝਦੇ ਆਟੇ ਦੀ ਪਚਕ ਪਚਕ ਗੁਰਬਾਣੀ ਦੇ ਸ਼ਬਦਾਂ ਵਿਚ ਘੁਲ ਜਾਂਦੀ, ਜਿਹੜੇ ਅਸੀਂ ਕੰਮ ਕਰਦਿਆਂ ਇਕੱਠੀਆਂ ਗਾਉਂਦੀਆਂ ।ਮੇਰੀਆਂ ਵੇਲੀਆਂ ਵਿੰਗੀਆਂ ਟੇਢੀਆਂ ਰੋਟੀਆਂ ਦਾ ਮਜ਼ਾਕ ਉਡਦਾ ਪਰ ਪਵਿੱਤਰ ਖਾਣਾ ਹੋਣ ਸਦਕਾ ਉਹ ਰੱਦ ਨਾ ਕੀਤੀਆਂ ਜਾਂਦੀਆਂ, ਉਨ੍ਹਾਂ ਨੂੰ ਵੀ ਲੰਗਰ ਵਿਚ ਵਰਤਾ ਦਿੰਦਾ ਜਾਂਦਾ।
ਅੰਮ੍ਰਿਤਸਰ ਦਰਬਾਰ ਸਾਹਿਬ ਪਾਵਨ ਤੀਰਥ ਸਥਾਨ ਵੀ ਹੈ ਤੇ ਇਕ ਅਜਿਹੀ ਸਾਂਝੀ ਥਾਂ ਵੀ ਜਿੱਥੇ ਅਸੀਂ ਬੱਚੇ ਆਪਣੀਆਂ ਸਕੂਲਾਂ ਦੀਆਂ ਕਿਤਾਬਾਂ ਲੈ ਜਾਂਦੇ ਤੇ ਪਰਿਕਰਮਾ ਵਿਚ ਬੈਠ ਕੇ ਪੜ੍ਹਦੇ।ਕਦੀ ਕਦੀ ਵਿਆਹਾਂ ਕੁੜਮਾਈਆਂ ਦੀਆਂ ਸਲਾਹਾਂ ਵੀ ਲੋਕ ਏਥੇ ਹੀ ਆ ਕੇ ਹੀ ਕਰਦੇ।ਇਹ ਗੂੜ੍ਹ ਗਿਆਨ ਵਾਲ਼ਿਆਂ ਦੀ ਥਾਂ ਵੀ ਸੀ ਤੇ ਆਮ ਤੁੱਛ ਗੱਲਾਂ ਕਰਨ ਵਾਲਿਆਂ ਦੀ ਵੀ।ਇਹ ਸਰਵਜਨਕ ਵੀ ਸੀ ਤੇ ਨਿੱਜੀ ਵੀ ।ਦੀਨ ਅਤੇ ਦੁਨੀਆਦਾਰੀ ਦੋਹਾਂ ਦੀ ਥਾਂ ਸੀ ਇਹ ।
ਲੰਗਰ ਗੁਰਦੁਆਰੇ ਨਾਲ ਲੱਗਵਾਂ ਹੀ ਸੀ ।ਲੰਗਰ ਵਿਚ ਜਾਣਾ ਰੀਤ ਮਰਯਾਦਾ ਦਾ ਹਿੱਸਾ ਸੀ।ਦੇਗ ਵਿਚ ਰਿੱਝਦੀ ਦਾਲ।ਵੱਡੇ ਸਾਰੇ ਤਵੇ ਤੇ ਪੱਕਦੇ ਪਰਸ਼ਾਦੇ।ਉਨ੍ਹਾਂ ਦੇ ਥੱਬੇ ਦੇਖ ਕੇ ਮੇਰੀਆਂ ਅੱਖਾਂ ਸਤਿਕਾਰ ਅਤੇ ਹਲੀਮੀ ਨਾਲ਼ ਨਮ ਹੋ ਜਾਂਦੀਆਂ।ਚੌਲ, ਆਟੇ, ਦਾਲਾਂ, ਖੰਡ ਤੇ ਲੂਣ ਨਾਲ ਭਰੀਆਂ ਬੋਰੀਆਂ, ਦੇਸੀ ਘਿਉ ਦੇ ਭਰੇ ਪੀਪੇ ਭਰਪੂਰਤਾ ਦਾ ਦ੍ਰਿਸ਼ ਪੇਸ਼ ਕਰਦੇ।ਹਵਾ ਵਿਚ ਉਡ ਰਿਹਾ ਆਟਾ, ਬਣ ਰਹੇ ਪੇੜੇ, ਫ਼ੁਲਕਿਆਂ ਦੀ ਥੱਪ ਥੱਪ, ਇਹ ਸਾਰੀਆਂ ਆਵਾਜ਼ਾਂ ਅਤੇ ਦ੍ਰਿਸ਼ ਮੇਰੇ ਬ੍ਰਹਿਮੰਡ ਨੂੰ ਰੰਗ ਦਿੰਦੇ।ਗੁੱਝੀ ਹੋਈ ਤੌਣ ਉਤਾਂਹ ਉੱਠਦੀ ਸਾਹ ਲੈਂਦੀ ਜੀਉਂਦੀ ਜਾਗਦੀ ਪ੍ਰਤੀਤ ਹੁੰਦੀ।ਦਰਬਾਰ ਸਾਹਿਬ ਜਾਣਾ ਅਤੇ ਸੇਵਾ ਕਰਨੀ ਸਾਡੇ ਅੰਦਰ ਡੂੰਘੀ ਸਮਾਈ ਹੋਈ ਸੀ।ਅਸੀਂ ਭਾਂਡੇ ਧੋਂਦੇ, ਝਾੜੂ ਲਾਉਂਦੇ, ਲੰਗਰ ਵਰਤਾਉਂਦੇ।ਸਾਡੇ ਲਈ ਇਹ ਖੇਡ ਵੀ ਸੀ ਤੇ ਸਤਿਗੁਰਾਂ ਦੀ ਸੇਵਾ ਵੀ ।ਭਗਤੀ, ਸੇਵਾ ਅਤੇ ਖੇਡ ਸਾਡੇ ਅੰਦਰ ਇਕ ਹੋ ਚੁੱਕੇ ਸਨ, ਬਿਨਾ ਕਿਸੇ ਵਿਰੋਧ ਦੇ ।ਮੇਰੇ ਇਉਂ ਕਹਿਣ ਵਿਚ ਕੋਈ ਮਿੱਠ—ਕਥਨੀ ਜਾਂ ਉਚੇਚ ਨਹੀਂ ਹੈ ।ਮੈਂ ਤਾਜ਼ੀ ਗੁੰਨ੍ਹੀ ਤੌਣ ਦੇ ਲਚਕੀਲੇ ਨਿੱਘ ਵਿਚੋਂ ਕਦੀ ਕਦੀ ਗੁੱਡੀਆਂ ਤੇ ਚਿੜੀਆਂ ਵੀ ਬਣਾਉਣ ਲੱਗ ਪੈਂਦੀ। ਮੋਟੇ ਠੁੱਲ੍ਹੇ ਪਰਸ਼ਾਦਿਆਂ ਦੀ ਬੁਰਕੀ ਵਿਚ ਕਾਲੇ ਚਣਿਆਂ ਦੀ ਸਾਬਤ ਅਤੇ ਧੋਵੀਂ ਦਾਲ ਦੀ ਮਹਿਕ , ਇਹ ਸਵਾਦ ਮੇਰੇ ਚੇਤਿਆਂ ਵਿਚ ਡੂੰਘਾ ਵਸਿਆ ਹੋਇਆ ਹੈ।ਅਸੀਂ ਨਾਰੀਅਲ ਦੀ ਛਿੱਲ ਦੇ ਬਣੇ ਟਾਟ ਉੱਪਰ ਬੈਠਦੇ।ਪਟਕਿਆਂ ਵਾਲੇ ਨਿੱਕੇ ਨਿੱਕੇ ਸੇਵਾਦਾਰ ਸਾਨੂੰ ਲੰਗਰ ਵਰਤਾਉਂਦੇ।
ਜਦੋਂ ਕਦੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਜਾਂਦੇ ਜਿਸ ਨੂੰ ਸ਼ਹਿਰ ਕਿਹਾ ਜਾਂਦਾ ਸੀ ਤਾਂ ਮੈਂ ਦੇਖਦੀ ਕਿ ਉਸ ਇਲਾਕੇ ਦੇ ਘਰਾਂ ਵਿਚ ਰਸੋਈ ਬਹੁਤ ਹੀ ਘੱਟ ਮਹੱਤਵ ਵਾਲੀ ਥਾਂ ਹੁੰਦੀ।ਮੇਰੇ ਦੋਸਤ ਫ਼ਲੈਟਸ ਵਿਚ ਰਹਿੰਦੇ ਸਨ ਜਿਹੜੇ ਉਨ੍ਹਾਂ ਦੀਆਂ ਦੁਕਾਨਾਂ ਦੇ ਉੱਪਰ ਬਣੇ ਹੋਏ ਸਨ। ਦੁਕਾਨਾਂ ਵਿਚ ਕੱਪੜੇ ਅਤੇ ਅਨਾਜ ਦੀ ਵਿੱਕਰੀ ਹੁੰਦੀ ਸੀ ।ਹਰ ਘਰ ਵਿਚ ਬੜੇ ਗੁੰਝਲਦਾਰ ਢੰਗ ਨਾਲ ਬਣੀ ਹੋਈ ਲੋਹੇ ਦੀ ਇਕ ਬਾਲਕੋਨੀ ਹੁੰਦੀ ਸੀ ਜਿਹੜੀ ਗਲੀ ਉੱਤੇ ਵਾਧਰੇ ਵਾਂਗ ਹੁੰਦੀ ਸੀ।ਬਾਲਕੋਨੀ ਨਾਲ ਲੱਜ ਵਾਲੀ ਟੋਕਰੀ ਬੰਨ੍ਹੀ ਹੁੰਦੀ ਸੀ ।ਗਲੀ ਵਿਚ ਫੇਰੀ ਵਾਲਿਆਂ ਦੇ ਆਉਣ ਦਾ ਸਮਾਂ ਉਨ੍ਹਾਂ ਨੂੰ ਪਤਾ ਹੁੰਦਾ ਸੀ ।ਛੋਲੇ ਕੁਲਚੇ ਲੈ ਲਓ ! ਇਹ ਆਵਾਜ਼ ਸੁਣ ਕੇ ਉਹ ਟੋਕਰੀਆਂ ਨੂੰ ਥੱਲੇ ਲਮਕਾ ਦਿੰਦੇ ਤੇ ਖ਼ਮੀਰੇ ਕੁਲਚਿਆਂ ਦੀ ਤੁਰਸ਼ ਮਹਿਕ ਦਾ ਆਨੰਦ ਮਾਣਦੇ।ਪੱਕੀ ਮਿੱਟੀ ਦੇ ਕਸੋਰੇ ਵਿਚ ਅੱਤ ਦੀ ਮਿੱਠੀ ਤੇ ਬਹੁਤ ਸਾਰੇ ਫ਼ਲੂਦੇ ਵਾਲ਼ੀ ਕੁਲਫ਼ੀ ਦੇਖ ਕੇ ਮੇਰੇ ਮੂੰਹ ਵਿਚ ਪਾਣੀ ਆ ਜਾਂਦਾ।
ਅਸੀਂ ਹਰ ਮਹੀਨੇ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਕੇਸਰ ਦੇ ਢਾਬੇ ਜਾਂਦੇ ।ਇਹ ਢਾਬਾ ਦੇਸੀ ਘਿਉ ਨਾਲ ਗੜੁੱਚ ਸੱਤ ਤਹਿਆਂ ਵਾਲੇ ਪਰੌਂਠੇ ਲਈ ਮਸ਼ਹੂਰ ਸੀ ।ਪਰੌਂਠੇ ਨਾਲ਼ ਮਿਲਦੀ ਕਾਲ਼ੀ ਦਾਲ਼, ਦਾਲ਼ ਉੱਤੇ ਬਰੀਕ ਕੱਟੇ ਹੋਏ ਪਿਆਜ਼ ਅਤੇ ਮੂਲੀਆਂ, ਉਨ੍ਹਾਂ ਉੱਪਰ ਨਿਚੋੜਿਆ ਹੋਇਆ ਨਿੰਬੂ।ਇਸ ਸਭ ਕੁਝ ਦੇ ਸੁਆਦ ਨਾਲ ਤਨ ਮਨ ਨੂੰ ਸਰੂਰ ਜਿਹਾ ਆ ਜਾਂਦਾ।
ਬੀ ਜੀ ਨਾਲ ਰੈਸਟੋਰੈਂਟ ਵਿਚ ਜਾਣਾ ਬੜਾ ਜ਼ਿੱਲਤ ਭਰਿਆ ਅਨੁਭਵ ਹੁੰਦਾ ਸੀ।ਦਾਖ਼ਲ ਹੁੰਦਿਆਂ ਸਾਰ ਹੀ ਉਹ ਓਥੇ ਖਾਣਾ ਖਾਣ ਵਾਲਿਆਂ ਦਾ ਸਰਵਖਣ ਕਰਦੇ ਇਹ ਦੇਖਣ ਲਈ ਕਿ ਉਹ ਕੀ ਖਾ ਰਹੇ ਹਨ।ਫਿਰ ਉਹ ਵੇਟਰਾਂ ਤੇ ਸਵਾਲਾਂ ਦੀ ਗੋਲਾਬਾਰੀ ਸ਼ੁਰੂ ਕਰ ਦਿੰਦੇ, ਸਬਜ਼ੀਆਂ ਅਤੇ ਮਸਾਲਿਆਂ ਦੇ ਤਾਜ਼ੇ ਹੋਣ ਬਾਰੇ।ਉਸ ਤੋਂ ਬਾਅਦ ਮੇਜ਼ ਦਾ ਨਿਰੀਖਣ ਕਰਦੇ, ਹਵਾ ਨੂੰ ਸੁੰਘਦੇ, ਬਰਤਨਾਂ ਉੱਤੇ ਉਂਗਲਾਂ ਫੇਰਦੇ ਇਹ ਦੇਖਣ ਲਈ ਕਿ ਥਿੰਧਿਆਈ ਤਾਂ ਨਹੀਂ ਲੱਗੀ ਹੋਈ।ਤੌਲੀਏ ਦੇ ਕੋਨੇ ਨਾਲ ਮੀਨੂ ਉਠਾਉਂਦੇ।ਸਫ਼ਾਈ ਦੇ ਹੋਰ ਹਥਿਆਰਾਂ ਦੇ ਨਾਲ ਉਹ ਤੌਲੀਆ ਵੀ ਹਮੇਸ਼ਾ ਆਪਣੇ ਕੋਲ ਰੱਖਦੇ।ਜਦੋਂ ਖਾਣੇ ਦੇ ਔਰਡਰ ਦੇਣ ਦਾ ਕੰਮ ਸੰਪੰਨ ਹੋ ਜਾਂਦਾ ਤਾਂ ਉਹ ਪਾਣੀ ਦੇ ਜੱਗ ਨੂੰ ਕੱਲੇ ਕੱਲੇ ਬਰਤਨ ਉੱਤੇ ਥੋੜ੍ਹਾ ਜਿਹਾ ਉਲਟਾ ਦਿੰਦੇ ।ਗਿੱਲੋ ਹੋਏ ਬਰਤਨ ਉੱਤੇ ਲੂਣ ਭੁੱਕ ਕੇ ਉਹ ਟੌਇਲਿਟ ਪੇਪਰ ਨਾਲ ਸਾਫ਼ ਕਰਦੇ ਜਿਹੜਾ ਉਨ੍ਹਾਂ ਦੇ ਹੈਂਡ ਬੈਗ ਵਿਚ ਹੁੰਦਾ ਸੀ।
ਜਦੋਂ ਕਦੇ ਮੇਰੇ ਮਾਤਾ ਪਿਤਾ ਮਹਿਮਾਨ ਨਵਾਜ਼ੀ ਕਰਦੇ ਤਾਂ ਸਾਡਾ ਘਰ ਚਾਅ ਅਤੇ ਉਮਾਹ ਨਾਲ ਭਰ ਜਾਂਦਾ । ਤਕਰੀਬਨ ਇਕ ਸਦੀ ਤੋਂ ਸੰਭਾਲੀ ਹੋਈ ਸਾਡੇ ਪੁਰਖਿਆਂ ਦੀ ਵਿਰਾਸਤ ਵੈਜਵੁਡ ਕਰੌਕਰੀ ਅਲਮਾਰੀ ਦੇ ਸਭ ਤੋਂ ਹਨ੍ਹੇਰੇ ਕੋਨੇ ਵਿਚੋਂ ਕੱਢੀ ਜਾਂਦੀ, ਉਹਦੇ ਉੱਤੇ ਮੱਛੀ ਕੰਡੇ ਦੀ ਕਢਾਈ ਵਾਲਾ, ਮਾਇਆ ਲੱਗੀ ਲਿੱਲਣ ਦਾ ਮੇਜ਼ਪੋਸ਼ ਵਿਛਾਇਆ ਜਾਂਦਾ ਜੋ ਕਦੀ ਕੌਨਵੈਂਟ ਦੀ ਸਾਲਾਨਾ ਸੇਲ ਵਿਚੋਂ ਖਰੀਦਿਆ ਸੀ।ਮਹਿੰਗੀਆਂ ਅਤੇ ਦੁਰਲੱਭ ਗੁੱਛੀ ਖੁੰਬਾਂ ਦਾ ਪਕਵਾਨ ਚੌਲ਼ਾਂ ਦੇ ਪੁਲਾਉ ਦੇ ਰੂਪ ਵਿਚ ਬਣਾਇਆ ਜਾਂਦਾ।ਮੈਂ ਸੋਚਦੀ ਹਾਂ ਇਸ ਪਕਵਾਨ ਦੀ ਵਡਿਆਈ ਓਨੀ ਸੁਆਦ ਵਿਚ ਨਹੀਂ ਜਿੰਨੀ ਇਹਦੀ ਮਸ਼ਹੂਰੀ ਵਿਚ ਹੈ।ਇਹ ਕਹਾਣੀ ਕਿ ਗੁੱਛੀ ਖੁੰਬ ਸੋਨੇ ਤੋਂ ਵੀ ਮਹਿੰਗੀ ਹੈ , ਏਨੀ ਵਾਰ ਦੁਹਰਾਈ ਜਾਂਦੀ ਕਿ ਖਿਝ ਆਉਣ ਲੱਗ ਪੈਂਦੀ ।ਮੈਨੂੰ ਇਹ ਸੋਚ ਕੇ ਅਕਸਰ ਹੈਰਾਨੀ ਹੁੰਦੀ ਕਿ ਖੁੰਬਾਂ ਦੀ ਇਸ ਝੁਰੜੀਆਂ ਵਾਲੀ ਵੰਨਗੀ ਨੂੰ ਏਨਾ ਉੱਚਾ ਰੁਤਬਾ ਕਿਵੇਂ ਮਿਲ ਗਿਆ।
ਮੀਨੂ ਵਿਚ ਹੋਰ ਚੀਜ਼ਾਂ ਸਨ : ਰੂਸੀ ਸਲਾਦ, ਬੇਕ ਕੀਤੀਆਂ ਹੋਈਆਂ ਸਬਜ਼ੀਆਂ, ਮਾਂਹਾਂ ਦੀ ਦਾਲ, ਸੁੱਕੀ ਦਾਲ ਤੇ ਕੁਝ ਮੌਸਮੀ ਸਬਜ਼ੀਆਂ।ਇਹ ਦੁਜਾਤੀ ਮੀਨੂ ਬਸਤੀਵਾਦੀ ਅਤੀਤ ਅਤੇ ਪੰਜਾਬੀ ਖਾਣਿਆਂ ਦੀ ਬਚੀ ਖੁਚੀ ਹੋਂਦ ਹੈ।
ਬਹੁਤ ਸਾਲਾਂ ਤੋਂ ਮੈਂ ਮੰਚ ਉੱਤੇ ਸੱਚੀਂ ਮੁੱਚੀਂ ਰਿੰਨ੍ਹਣ ਪਕਾਉਣ ਦੇ ਖ਼ਿਆਲ ਨਾਲ ਖੇਡ ਰਹੀ ਸੀ।ਇਕ ਨਵੇਂ ਸੰਸਾਰ ਵਿਚ ਠਿੱਲ੍ਹਣ ਦੀ ਸਮਰੱਥਾ ਦਾ ਜਸ਼ਨ ਮਨਾਉਣ ਲਈ, ਉਹ ਸੰਸਾਰ ਜਿਸ ਵਿਚ ਸਰ੍ਹੋਂ ਦੀ , ਜ਼ੀਰੇ ਦੀ, ਲਾਲ ਮਿਰਚਾਂ ਦੀ, ਹਿੰਗ ਦੀ , ਸੌਂਫ਼ ਦੀ, ਹਲਦੀ ਦੀ ਵਾਸ਼ਨਾ ਹੋਵੇ ।ਮੈਂ ਦੇਖਣਾ ਚਾਹੁੰਦੀ ਸੀ ਕਿ ਕੀ ਅਦਾਕਾਰ ਗੰਢੇ ਛਿੱਲਦਿਆਂ ਛਿੱਲਦਿਆਂ, ਅੱਖਾਂ ਵਿਚ ਚੁਭਦੇ ਗੰਢੇ ਦੇ ਰਸ ਸਮੇਤ ਅਦਾਕਾਰੀ ਕਰ ਸਕਦੇ ਹਨ ।ਕੀ ਗਾਇਕ ਅਤੇ ਸਾਜ਼ਿੰਦੇ ਪਕੌੜੇ ਤੇ ਜਲੇਬੀਆਂ ਕੱਢਦਿਆਂ ਗਾ ਵਜਾ ਸਕਦੇ ਹਨ ? ਮੇਰੇ ਨਾਟਕ ਕਿਚਨ ਕਥਾ ਦੀ ਨਾਇਕਾ ਤਾਰਾ ਰਸੋਈ ਵਿਚ ਜੰਮੀ ਸੀ ।ਉਹਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸੀ ।ਕੀ ਉਹਦੇ ਹੰਝੂ ਗੰਢਿਆਂ ਦੀ ਗੰਧ ਕਰ ਕੇ ਸਨ ਜਿਹੜੀ ਰਸੋਈ ਦੀਆਂ ਕੰਧਾਂ ਵਿਚ ਰਚੀ ਹੋਈ ਸੀ ਜਾਂ ਕਿ ਉਹ ਨਵੇਂ ਜੰਮੇ ਬੱਚੇ ਦੇ ਅਸਲੀ ਅੱਥਰੂ ਸਨ ? ਤਾਰਾ ਦੀ ਕਹਾਣੀ ਉਸ ਕੁੜੀ ਦੀ ਕਹਾਣੀ ਹੈ ਜਿਸ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਨਾ ਮਿਲੀ ਤੇ ਉਹਨੇ ਆਪਣੀ ਅਤ੍ਰਿਪਤ ਪਿਆਰ ਭਾਵਨਾ ਨੂੰ ਖਾਣ ਪੀਣ ਦੀਆਂ ਰੈਸਪੀਆਂ ਵਿਚ ਰਲ਼ਾ ਕੇ ਤਲਿੱਸਮੀ ਥਾਲ਼ੀਆਂ ਵਿਚ ਬਦਲ ਦਿੱਤਾ ।ਇਹ ਕਹਾਣੀ ਇਕ ਅਜਿਹਾ ਸਫ਼ਰ ਹੈ ਜਿਸ ਕੋਲ ਕੋਈ ਨਕਸ਼ਾ ਨਹੀਂ ਤੇ ਇਹ ਆਸ਼ਕਾਨਾ ਵਾਸ਼ਨਾ ਦੀਆਂ ਯਾਦਾਂ ਦੇ ਉਨ੍ਹਾਂ ਰਾਹਾਂ ਤੋਂ ਦੀ ਲੰਘਦੀ ਹੈ ਜਿਨ੍ਹਾਂ ਵਿਚ ਪਕਵਾਨ, ਪ੍ਰੇਮ, ਭੁੱਖ ਅਤੇ ਪਿਆਸ ਦੀਆਂ ਹੱਦਾਂ ਧੁੰਦਲੀਆਂ ਹੋ ਕੇ ਇਕ ਦੂਜੀ ਵਿਚ ਘੁਲ਼ ਜਾਂਦੀਆਂ ਹਨ। ਇਹ ਨਾਟਕ ਔਰਤ ਅਤੇ ਖਾਣੇ ਦੇ ਰਿਸ਼ਤੇ ਬਾਰੇ ਵੀ ਹੈ।ਖਾਣਾ ਖਾਣੇ ਦੇ ਰੂਪ ਵਿਚ, ਖਾਣਾ ਇਕ ਰੂਪਕ ਦੇ ਤੌਰ ਤੇ, ਇਕ ਦਿੱਖ ਦੇ ਤੌਰ ਤੇ, ਮੁਸ਼ੱਕਤ ਦੇ ਰੂਪ ਵਿਚ, ਸ਼ਕਤੀਕਰਣ ਦੇ ਰੂਪ ਵਿਚ , ਇਕ ਇਜ਼ਹਾਰ, ਇਕ ਟੈਕਸਟ ਅਤੇ ਅਰਥਾਂ ਦੇ ਰੂਪ ਵਿਚ ।
ਸੁਰਜੀਤ ਪਾਤਰ ਦੇ ਲਿਖੇ ਨਾਟਕ ਵਿਚ ਰਸੋਈ ਦੀਆਂ ਧੁਨੀਆਂ ਅਤੇ ਸੁਗੰਧਾਂ ਹਨ। ਇਕ ਨਿਗੂਣਾ ਪਕੌੜਾ ਉਸ ਦੀ ਕਲਮ ਦੀ ਕੀਮਿਆਗਰੀ ਨਾਲ ਉਤੇਜਨਾ ਦੇ ਨੁਸਖ਼ੇ ਵਿਚ ਬਦਲ ਦਿੱਤਾ ਜਾਂਦਾ ਹੈ।ਕੁਝ ਖਾਂਦਿਆਂ ਖਾਂਦਿਆਂ ਵਾਰਤਾਲਾਪ ਬੋਲਣ ਲਈ ਸਿਰਫ਼ ਫੁਰਤੀ ਹੀ ਨਹੀਂ ਚਾਹੀਦੀ, ਆਪਣੇ ਹਾਜ਼ਮੇ ਦੀ ਸਮਝ ਵੀ ਚਾਹੀਦੀ ਹੈ।ਧੁਨੀਆਂ ਦੀ ਆਪਣੀ ਮਨਮੋਹਕ ਖਿੱਚ ਹੁੰਦੀ ਹੈ। ਗਰਮ ਤੇਲ ਵਿਚ ਭੁੱਜ ਰਹੇ ਪਿਆਜ਼ ਦੀ ਸਾਂ ਸਾਂ , ਸਬਜ਼ੀਆਂ ਕੱਟਦੇ ਚਾਕੂ ਦਾ ਉੱਚਾ ਨੀਵਾਂ ਹੁੰਦਾ ਤਾਲ, ਬੀਜਾਂ ਨੂੰ ਪੀਸ ਰਿਹਾ ਮਾਰਟਰ, ਉਬਲਦੇ ਪਾਣੀ ਦੀ ਬੁਦਬੁਦ, ਬੀਵੀ ਕਾਰੰਥ ਦੀਆਂ ਸਿਰਜੀਆਂ ਤਰਜ਼ਾਂ ਇਹ ਸਾਰੇ ਅਹਿਸਾਸ ਸਾਡੇ ਮਨ ਵਿਚ ਜਗਾ ਦਿੰਦੀਆਂ ਹਨ।ਗੀਤਾਂ ਦੇ ਬੋਲਾਂ ਵਿਚ ਰਲ ਕੇ ਇਹ ਸਭ ਕੁਝ ਮੰਚ ੳੱਤੇ ਤਿਆਰ ਹੋ ਰਹੀ ਰੈਸਪੀ ਬਣ ਜਾਂਦਾ ਹੈ ।
ਖਾਣਾ ਪੀਣਾ ਇਕ ਰੋਜ਼ਾਨਾ ਫ਼ਲਸਫ਼ਾ ਹੈ, ਮਾਨਵ—ਵਿਗਿਆਨ ਹੈ।ਕੀ ਖਾਣਾ ਹੈ, ਕੀ ਨਹੀਂ ਖਾਣਾ ਇਕ ਸੰਵਾਦ ਹੈ ਜੋ ਅੱਗੇ ਸਭਿਆਚਾਰ ਨਾਲ ਜੁੜੀਆਂ ਗੱਲਾਂ ਤੱਕ ਫ਼ੈਲ ਜਾਂਦਾ ਹੈ, ਜਿਨ੍ਹਾਂ ਵਿਚ ਸਾਡੀਆਂ ਆਦਤਾਂ ਵੀ ਸ਼ਾਮਲ ਹੁੰਦੀਆਂ ਹਨ।ਸਫ਼ਾਈ ਰੱਖਣੀ, ਧੋਣਾ, ਨਾ ਧੋਣਾ ਵੀ ਸ਼ਾਮਲ ਹੁੰਦਾ ਹੈ।ਇੱਕੋ ਜਿਹੇ ਦੋ ਹਿੱਸਿਆਂ ਵਿਚ ਕੱਟ ਹੁੰਦਾ ਪਪੀਤਾ ਸਾਡਾ ਧਿਆਨ ਕੱੁਖ ਅਤੇ ਬਾਲ ਜਨਮ ਵੱਲ ਲੈ ਜਾਂਦਾ ਹੈ।ਅਨਾਰ ਜੀਵਨ ਦੇ ਬੀਜਾਂ ਵੱਲ, ਬੈਂਗਣ ਕਾਮੁਕਤਾ ਵੱਲ । ਆਟਾ ਗੁੰਨ੍ਹਦਿਆਂ ਛੁਹ ਦਾ ਅਹਿਸਾਸ ਹੁੰਦਾ ਹੈ।ਦਾਣਿਆਂ ਦਾ ਆਟਾ ਬਣਨਾ , ਆਟੇ ਦਾ ਪੇੜੇ ਬਣਨਾ ਅਤੇ ਅਤੇ ਪੇੜਿਆਂ ਦਾ ਗਰਮ ਗਰਮ ਰੋਟੀਆਂ ਵਿਚ ਜਾਦੂਮਈ ਰੂਪਾਂਤਰਣ ਸਾਡੀ ਰੂਹ ਦੀ ਪਰਵਰਿਸ਼ ਕਰਦਾ ਹੈ ਤੇ ਜੀਊਣ ਦੇ ਅਹਿਸਾਸ ਨੂੰ ਸੱਜਰਾ ਕਰ ਦਿੰਦਾ ਹੈ, ਇੱਕੋ ਥਾਪੜੇ ਨਾਲ ਜੀਵਨ ਦੇ ਰਾਹ ਤੋਂ ਮਿਲੀ ਥਕਾਵਟ ਅਤੇ ਨਿਰਾਸ਼ਾ ਪੂਰੀ ਦੀ ਪੂਰੀ ਰੁੜ੍ਹ ਪੁੜ੍ਹ ਜਾਂਦੀ ਹੈ । ਬੁਰਕੀ ਤੋੜਨੀ, ਵੰਡ ਕੇ ਛਕਣਾ, ਸਾਂਝਾਂ ਅਤੇ ਮੇਲ ਮਿਲਾਪ ਸਾਨੂੰ ਧਰਤੀ ਨਾਲ ਜੋੜਦੇ ਹਨ, ਜਿੱਥੋਂ ਇਹ ਸਭ ਕੁਝ ਉਪਜਿਆ ਸੀ।