੨੮ ਅਗਸਤ, ੨੦੨੧ ਨੂੰ ਜਦੋਂ ਕਿਸਾਨ ਕਰਨਾਲ ਨੇੜਲੇ ਬਸਤਾਰਾ ਟੋਲ ਪਲਾਜ਼ੇ ‘ਤੇ ਹਰਿਆਣੇ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਪੰਜ ਝੁੱਟੀਆਂ ‘ਚ ਲਾਠੀਚਾਰਜ ਕੀਤਾ। ਕਿਸਾਨਾਂ ਨੂੰ ਏਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ‘ਚੋਂ ਬਹੁਤੇ ਜ਼ਖ਼ਮੀ ਹੋ ਗਏ। ਉਹਨਾਂ ‘ਚੋਂ ਇਕ ਸ਼ੁਸ਼ੀਲ ਕਾਜਲ ਆਪਣੀ ਢੂਈ ‘ਤੇ ਲਾਸਾਂ ਅਤੇ ਸੁੱਜਿਆ ਢਿੱਡ ਲੈ ਕੇ ਘਰੇ ਮੁੜਿਆ। ਅਗਲੀ ਸਵੇਰ ਉਹ ਪੂਰਾ ਹੋ ਗਿਆ। ਲਾਠੀਚਾਰਜ ਕਰਦੀ ਪੁਲਿਸ ਦੀ ਵੀਡੀਓ ਲੀਕ ਹੋ ਗਈ, ਜਿਸ ਵਿਚ ਕਰਨਾਲ ਦਾ ਐਸ.ਡੀ.ਐਮ. ਪੁਲਿਸ ਨੂੰ ਕਿਸਾਨਾਂ ਦੇ ‘ਸਿਰ ਭੰਨ੍ਹਣ’ ਦਾ ਆਦੇਸ਼ ਦੇ ਰਿਹਾ ਸੀ।
ਵੀਡੀਓ ਅਤੇ ਕਿਸਾਨ ਦੀ ਮੌਤ ਤੋਂ ਤਲਖੀ ‘ਚ ਆਏ ਕਿਸਾਨਾਂ ਨੇ ੭ ਸਤੰਬਰ ਨੂੰ ਕਰਨਾਲ ਦੀ ਦਾਣਾ ਮੰਡੀ ‘ਚ ਮੀਟਿੰਗ ਬੁਲਾਈ। ਪ੍ਰਸ਼ਾਸ਼ਨ ਨੇ ਇੰਟਰਨੈਟ ਅਤੇ ਮੋਬਾਈਲ ਸੁਨੇਹਿਆਂ ਵਰਗੀਆਂ ਸੇਵਾਵਾਂ ਬੰਦ ਕਰ ਦਿੱਤੀਆਂ, ਪਰ ਇਹ ਸਭ ਕਿਸਾਨਾਂ ਨੂੰ ਰੋਕ ਨਹੀਂ ਸਕਿਆ ਤੇ ਦਿਨ ਭਰ ਉਨ੍ਹਾਂ ਦੀ ਗਿਣਤੀ ਵਧਦੀ ਰਹੀ। ਕਿਸਾਨ ਯੂਨੀਅਨਾਂ ਦੀ ਬਾਡੀ ਸੰਯੁਕਤ ਕਿਸਾਨ ਮੋਰਚਾ ਨੇ ਐਸ.ਡੀ.ਐਮ. ਨੂੰ ਹਟਾਉਣ, ਮ੍ਰਿਤਕ ਕਾਜਲ ਦੇ ਪਰਿਵਾਰ ਲਈ ਨੌਕਰੀ, ਕਿਸਾਨਾਂ ਨੂੰ ਸੱਟਾਂ ਤੇ ਸੰਦਾਂ ਦੀ ਭੰਨਤੋੜ ਲਈ ਮੁਆਵਜ਼ਾ ਦੇਣ ਦੀ ਮੰਗ ਰੱਖੀ। ਪ੍ਰਸ਼ਾਸ਼ਨ ਇਹਨਾਂ ਮੰਗਾਂ ਲਈ ਸਹਿਮਤ ਨਾ ਹੋਇਆ।
ਲਗਭਗ ਸਾਢੇ ਕੁ ਚਾਰ ਵਜੇ, ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਘੇਰਨ ਦਾ ਫ਼ੈਸਲਾ ਲਿਆ। ਪੁਲਿਸ ਨੇ ਬੈਰੀਕੇਡ ਲਗਾ ਦਿੱਤੇ, ਕਿਸਾਨਾਂ ਨੇ ਉਹਨਾਂ ਨੂੰ ਟੱਪਣਾ ਸ਼ੁਰੂ ਕੀਤਾ। ਹਾਲਾਂਕਿ ਇੰਟਰਨੈਟ ਅਤੇ ਮੋਬਾਈਲ ਸੁਨੇਹੇ ਬੰਦ ਕੀਤੇ ਹੋਏ ਸਨ, ਪਰ ਛੇ ਵਜੇ ਦੇ ਨੇੜ ਸਾਡੇ ਵਿੱਚੋਂ ਕੁਝ ਤਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਭੋਜਨ, ਖਾਸ ਕਰਕੇ ਪਾਣੀ ਜੇ ਸੰਭਵ ਹੋ ਸਕੇ ਤਾਂ ਕਰਨਾਲ ਵਿਚ ਦੋ ਲੱਖ ਲੋਕਾਂ ਦੀ ਚਾਹ ਦੀ ਲੋੜ ਦਾ ਸੁਨੇਹਾ ਪਹੁੰਚ ਗਿਆ। ਹੋਰਨਾਂ ਵਾਂਗ ਮੈਂ ਵੀ ਫੇਸਬੁਕ ‘ਤੇ ਸੁਨੇਹਾ ਪਾ ਦਿੱਤਾ ਅਤੇ ਟਵਿੱਟਰ ‘ਤੇ ‘ਟ੍ਰੈਕਟਰ2ਟਵਿੱਟਰ’ ਨੂੰ ਟੈਗ ਕਰ ਦਿੱਤਾ ਤੇ ਇੰਸਟਾਗ੍ਰਾਮ ਉਪਰ ਸਰਗਰਮ ਦੋਸਤਾਂ ਨੂੰ ਆਖਿਆ। ਸੱਤ ਵਜੇ ਦੇ ਕਰੀਬ ਹੁੰਗਾਰੇ ਆਉਣੇ ਸ਼ੁਰੂ ਹੋ ਗਏ ਕਿ ਸਥਾਨਕ ਗੁਰੂਦੁਆਰਾ ਨਿਰਮਲ ਕੁਟੀਆ ਅਤੇ ਰਾਹਤ ਸੰਗਠਨ ਖਾਲਸਾ ਏਡ ਨੇ ਪਾਣੀ, ਖਾਣਾ ਤੇ ਭੋਜਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਦਸ ਵਜੇ ਤਾਈਂ ਸੜਕਾਂ ‘ਤੇ ਡੇਰੇ ਲਾਈ ਬੈਠਾ ਹਰ ਪ੍ਰਦਰਸ਼ਨਕਾਰੀ ਖਾਣਾ ਖਾ ਚੁੱਕਾ ਸੀ। ਦੋ ਦਿਨ ਪਹਿਲਾਂ ਮੁਜੱਫ਼ਰਨਗਰ ਮਹਾਂਪੰਚਾਇਤ ਵਿਚ, ਹਿੰਦੂ-ਮੁਸਲਿਮ ਭਾਈਚਾਰਾ ਪੰਦਰਾਂ ਲੱਖ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕਿਆ ਸੀ।
Image Credit – Jaskaran Singh Rana, 2021
ਇਤਿਹਾਸ
ਜਦੋਂ ਕੋਈ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਜਾਂ ਅੰਦੋਲਨ ਦਾ ਆਯੋਜਨ ਕਰਦਾ ਹੈ ਤਾਂ, ਉਹ ਇਸਨੂੰ ਚਲਦਾ ਰੱਖਣ ਦੀਆਂ ਚੁਣੌਤੀਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ। ਅਵੇਸਲੇ ਤੇ ਬੇਰਹਿਮ ਰਾਜ ਦੇ ਅਧੀਨ, ਜਦੋਂ ਕਾਰਪੋਰੇਟ ਦੀ ਮਾਲਕੀ ਵਾਲਾ ਮੀਡੀਆ ਜਿਸਨੇ ਵਿਰੋਧ ਪ੍ਰਦਰਸ਼ਨਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਕਿਸਾਨਾਂ ਨਾਲ ਦੇਸ਼-ਵਿਰੋਧੀ ਤੇ ਵੱਖਵਾਦੀ ਜਿਹੇ ਲੇਬਲ ਚਮੇੜਨ ਦੀ ਕੋਸ਼ਿਸ਼ ਕੀਤੀ, ਲੋਕ-ਰਾਇ ਖੇਤੀ ਕਾਨੂੰਨਾਂ ਦੀ ਹਿਮਾਇਤ ਕਰਨ ਤੋਂ ਕਿਸਾਨਾਂ ਨਾਲ ਹਮਦਰਦੀ ਵੱਲ ਮੁੜ ਗਈ। ਦਿੱਲੀ ਦੀਆਂ ਹੱਦਾਂ – ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ, ਸ਼ਾਹਜਹਾਂਨਾਬਾਦ – ਉੱਪਰ ਵਿਰੋਧ ਪ੍ਰਦਰਸ਼ਨ, ਬੰਦ ਕੀਤੇ ਗਏ ਟੋਲ ਪਲਾਜ਼ਿਆਂ, ਨਿੱਜੀ ਪੈਟਰੋਲ ਪੰਪਾਂ ਅਤੇ ਕਾਰਪੋਰੇਟ ਵੇਅਰਹਾਊਸਾਂ ਦੇ ਸਾਹਮਣੇ ਤਕ ਫੈਲ ਗਏ। ਜਿਸ ਤਰ੍ਹਾਂ ਧਰਨੇ ਆਯੋਜਿਤ ਹੋਏ ਸਨ ਤੇ ਜਿਵੇਂ ਇਹ ਹੱਡ-ਚੀਰਵੀਂ ਠੰਡ, ਝੁਲਸਵੀਂ ਗਰਮੀ ਤੇ ਬਾਰਿਸ਼ ਦੇ ਹੜ੍ਹਾਂ ਵਿਚ ਟਿਕੇ ਰਹੇ, ਇਹ ਆਪਣੇ-ਆਪ ਵਿਚ ਮਿਸਾਲ ਬਣ ਗਏ।
ਅੰਦੋਲਨ ਥਮ੍ਹਿਆ ਕਿਵੇਂ ਰਿਹਾ? ਬੇਸ਼ਕ ਇਹ ਵਿਰੋਧ ਕਿਸਾਨਾਂ ਦੇ ਇਰਾਦੇ ‘ਤੇ ਡਟੇ ਰਹਿਣ ਕਰਕੇ ਖੜ੍ਹਾ ਸੀ, ਪਰ ਵਿਹਾਰਕ ਰੂਪ ਵਿਚ, ਦਿਨ-ਪੁਰ-ਦਿਨ ਇਸਨੂੰ ਕਿਸ ਗੱਲ ਨੇ ਟੇਕ ਦਿੱਤੀ?
ਉੱਤਰ ਹੈ: ਲੰਗਰ ਦੀ ਪਰੰਪਰਾ, ਭਾਵ ਵੰਡ ਛਕਣ ਨੇ। ਲੰਗਰ ਸਾਂਝੀ ਸਮੁਦਾਇਕ ਰਸੋਈ ਹੈ, ਜਿੱਥੇ ਖਾਣਾ ਤਿਆਰ ਕੀਤਾ ਤੇ ਵਰਤਾਇਆ ਜਾਂਦਾ ਹੈ। ਸਿੱਖ ਵਿਸ਼ਵਾਸ ਵਿਚ ਲੰਗਰ ਨੂੰ ਰਸਮੀ ਤੌਰ ‘ਤੇ ਸੰਗਠਿਤ ਗੁਰੂ ਨਾਨਕ ਸਾਹਿਬ ਨੇ ਕੀਤਾ। ਕਹਾਣੀ ਇਥੋਂ ਸ਼ੁਰੂ ਹੁੰਦੀ ਹੈ, ਜਦੋਂ ਗੁਰੂ ਜਵਾਨ ਸੀ ਤਾਂ ਉਹਨਾਂ ਦੇ ਪਿਤਾ ਉਹਨਾਂ ਨੂੰ ਵੀਹ ਰੁਪਏ, ਜੋ ਕਿ ਉਸ ਵੇਲੇ ਦੀ ਸ਼ਾਹੀ ਰਕਮ ਸੀ, ਦੇ ਕੇ ਚੰਗਾ ਸੌਦਾ ਕਰਨ ਲਈ ਤੋਰਦੇ ਹਨ। ਰਸਤੇ ‘ਚ ਗੁਰੂ ਜੀ ਨੂੰ ਕੁਝ ਸਿਆਣੇ ਆਦਮੀ ਟੱਕਰੇ, ਜੋ ਭੁੱਖੇ ਸਨ। ਗੁਰੂ ਨਾਨਕ ਨੂੰ ਅਹਿਸਾਸ ਹੋਇਆ ਕਿ ਭੁੱਖਿਆਂ ਨੂੰ ਭੋਜਨ ਛਕਾਉਣ ਤੋਂ ਸੱਚਾ ਸੌਦਾ ਤਾਂ ਕੋਈ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਲੰਗਰ ਦਾ ਸੰਕਲਪ ਹੋਂਦ ਵਿਚ ਆਉਂਦਾ ਹੈ। ਗੁਰੂ ਨਿਰਦੇਸ਼ ਦਿੰਦੇ ਹਨ ਕਿ ਲੰਗਰ ਧਰਮ, ਲਿੰਗ, ਉਮਰ, ਜਾਤ, ਮਤ, ਰੰਗ ਦੀ ਪਰਵਾਹ ਤੋਂ ਬਗੈਰ ਪੰਗਤੀ ਰੂਪ ਵਿਚ ਸਭ ਨੂੰ ਬਰਾਬਰ ਸਮਝਦਿਆਂ ਸੰਗਤ ਦੀ ਭਾਵਨਾ ਨਾਲ ਵਰਤਾਇਆ ਜਾਣਾ ਚਾਹੀਦਾ ਹੈ।
Image Credit – Jaskaran Singh Rana, 2021
ਲੰਗਰ ਦੀ ਰਵਾਇਤ ਹੁਣ ੫੦੦ ਸਾਲ ਪੁਰਾਣੀ ਹੈ ਤੇ ਹਮੇਸ਼ਾ ਵਾਂਗ ਮਜ਼ਬੂਤ ਵੀ। ਇਹ ਲੰਗਰ ਦੀ ਰਵਾਇਤ ਹੀ ਹੈ, ਜਿਸਨੇ ਨਵੰਬਰ ੨੦੨੦ ਤੋਂ ਦਸੰਬਰ ੨੦੨੧ ਤਕ ਦਿੱਲੀ ਦੀਆਂ ਜੂਹਾਂ ਅਤੇ ੧੪ ਮਹੀਨੇ ਪੰਜਾਬ ਵਿਚ ਧਰਨਿਆਂ ਨੂੰ ਚਲਦੇ ਰੱਖਿਆ। ਜੇ ਅਸੀਂ ੨੭ ਸਤੰਬਰ, ੨੦੨੧ ਦੇ ਭਾਰਤ ਬੰਦ ਸੱਦੇ ਨੂੰ ਦੇਸ਼ ਭਰ ‘ਚ ਮਿਲੇ ਭਰਪੂਰ ਸਮਰਥਨ ਨੂੰ ਵੇਖੀਏ ਤਾਂ ਸਿਆਸੀ ਚੇਤਨਾ ਦੀ ਪਹੁੰਚ ਦੂਰ-ਦੁਰਾਡੇ ਕਸਬਿਆਂ ਤਕ ਡੂੰਘੀ ਹੋਈ ਹੈ।
ਜਿਸ ਗੱਲ ਨੇ ਲੰਗਰ ਨੂੰ ਚਲਦਾ ਰੱਖਿਆ, ਉਹ ਸਿੱਖ ਮਾਨਸਿਕਤਾ ‘ਚ ਡੂੰਘੀ ਵਸੀ ਸੇਵਾ ਭਾਵਨਾ ਸੀ। ਦੂਜਿਆਂ ਪ੍ਰਤੀ ਸੇਵਾ ਭਾਵ, ਖ਼ਾਸਕਰ ਦੁਨੀਆਂਦਾਰ ਲੋਕਾਂ ਲਈ ਧਾਰਮਿਕ ਵਿਵਹਾਰ ਦਾ ਮਹੱਤਵਪੂਰਨ ਪੱਖ ਹੈ। ‘ਕਾਰ ਸੇਵਾ’ ਦੀ ਨਿੱਤ ਵਰਤੋਂ ਜਾਂ ਰੱਬ ਦੇ ਘਰ ਦੀ ਸੇਵਾ ਸਿੱਖਾਂ ਨੂੰ ਦੂਜਿਆਂ ਤੋਂ ਅਹਿਮ ਬਣਾਉਂਦੀ ਹੈ ਕਿਉਂਕਿ ਰੱਬ ਹਰ ਥਾਂ ਹੈ। ਅਸਲ ਵਿਚ, ਦੂਜਿਆਂ ਦੀ ਸੇਵਾ ਕਰਨਾ ਹੀ ਰੱਬ ਦੀ ਤੇ ਗੁਰੂ ਦੀ ਸੇਵਾ ਸਮਝੀ ਜਾਂਦੀ ਹੈ ਤੇ ਲੰਗਰ ਰੱਬ ਦੀ ਕਿਰਪਾ।
ਇਸੇ ਕਰਕੇ ਹਰਿਆਣਾ ਦਾ ਕਿਸਾਨ ਲੀਡਰ ਸੁਰੇਸ਼ ਕੌਥ ਕਹਿੰਦਾ ਹੈ, “ਸਿੱਖਾਂ ਨਾਲ ਰਲਕੇ ਸੰਘਰਸ਼ ਕਰਨ ਦਾ ਖ਼ਾਸ ਹੀ ਚਾਅ ਹੈ। ਉਹ ਭੁੱਖੇ ਨਹੀਂ ਸੌਣ ਦਿੰਦੇ। ਜਿਵੇਂ ਹੀ ਅਸੀਂ ਬੈਰੀਕੇਡ ਤੋੜੇ, ਲੰਗਰ ਤਿਆਰ ਸੀ। ਅਸੀਂ ਜਿਹੜਾ ਵੀ ਬੈਰੀਕੇਡ ਉਲੰਘਿਆ, ਉਹਦੇ ਅੱਗੇ ਹੀ ਲੰਗਰ ਵਾਲੀ ਗੱਡੀ ਖੜ੍ਹੀ ਹੁੰਦੀ। ਹੁਣ, ਅਸੀਂ ਕਿੰਨਾ ਕੁ ਖਾ ਸਕਦੇ ਸੀ? ਲੰਗਰ ਅੰਦੋਲਨਕਾਰੀਆਂ ਦੇ ਨਾਲ-ਨਾਲ ਜਾਂਦਾ। ਸਾਨੂੰ ਨਹੀਂ ਪਤਾ ਕਿ ਲੰਗਰ ਕਿੱਥੋਂ ਆਉਂਦਾ, ਪਰ ਇਹ ਹਮੇਸ਼ਾ ਹੁੰਦਾ।”
੨੭ ਨਵੰਬਰ, ੨੦੨੦ ਨੂੰ ਜਦੋਂ ਕਿਸਾਨਾਂ ਨੇ ਪੰਜਾਬ-ਹਰਿਆਣਾ ਦੀ ਸ਼ੰਭੂ ਹੱਦ ਤੋਂ ਦਿੱਲੀ ਵੱਲ ਵਧਣਾ ਸ਼ੁਰੂ ਕੀਤਾ ਤਾਂ ਓਦਣ ਵੀ ਇਵੇਂ ਹੀ ਹੋਇਆ। ਹਰਿਆਣੇ ਦੇ ਕਿਸਾਨਾਂ ਨੇ ਆਪਣੇ ਸੂਬੇ ਦੀ ਪੁਲਿਸ ਨਾਲ ਨਜਿੱਠਦਿਆਂ ਰਾਹ ਪੱਧਰਾ ਕੀਤਾ। ਪੁਲਿਸ ਨੇ ਵਧ ਰਹੇ ਪ੍ਰਦਰਸ਼ਨਕਾਰੀਆਂ ਅੱਗੇ ਬੈਰੀਕੇਡ ਲਾਏ, ਟੋਏ ਪੱਟੇ, ਢੋਆ-ਢੁਆਈ ਵਾਲੇ ਘੋੜੇ ਖੜ੍ਹੇ ਕੀਤੇ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਹਰ ਬੈਰੀਕੇਡ ਤੋੜਿਆ ਤਾਂ ਉਹਨਾਂ ਰੁਕ ਕੇ ਪੁਲਿਸ ਨੂੰ ਲੰਗਰ ਛਕਾਇਆ।
ਇਹ ਗੱਲ ਮੁੜ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੀ ਜੰਗੀ ਰਵਾਇਤ ਨਾਲ ਜਾ ਜੁੜਦੀ ਹੈ। ਜਦੋਂ ਗੁਰੂ ਜੀ ਦੀਆਂ ਫੌਜਾਂ ਯੁੱਧ ਲੜਦੀਆਂ ਤਾਂ ਭਾਈ ਘਨੱਈਆ ਜ਼ਖ਼ਮੀ ਸਿਪਾਹੀਆਂ ਨੂੰ ਬਿਨ ਇਹ ਸੋਚੇ ਕਿ ਉਹ ਕਿਸ ਪਾਸੇ ਦੇ ਹਨ, ਪਾਣੀ ਪਿਆਉਂਦੇ। ਜਦੋਂ ਗੁਰੂ ਜੀ ਪਾਸ ਦੁਸ਼ਮਣ ਦੀ ਸੇਵਾ ਕਰਨ ਸੰਬੰਧੀ ਭਾਈ ਘਨੱਈਆ ਜੀ ਦੀ ਸ਼ਿਕਾਇਤ ਆਈ ਤਾਂ ਉਹਨਾਂ ਕਾਰਨ ਪੁੱਛਿਆ। ਭਾਈ ਘਨੱਈਆ ਦਾ ਜਵਾਬ ਸੀ: ਪਰ ਤੁਸੀਂ ਕਹਿੰਦੇ ਹੋ ਕਿ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’। ਗੁਰੂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਮਨੁੱਖਤਾ ਦੀ ਸੇਵਾ ਜਾਰੀ ਰੱਖਣ ਨੂੰ ਕਿਹਾ।
Image Credit – Jaskaran Singh Rana, 2021
ਖਾਲਸਾ ਏਡ ਦੇ ਅਮਰਪ੍ਰੀਤ ਸਿੰਘ ਨੇ ਕਿਹਾ, ‘ਪੁਲਿਸ ਸਾਡੇ ਤੋਂ ਪਾਣੀ ਦੀਆਂ ਬੋਤਲਾਂ ਫੜ੍ਹਦੀ ਵੀ ਬੜਾ ਜਕਦੀ ਹੈ। ਖ਼ਾਸ ਕਰ ਜਦੋਂ ਆਸ-ਪਾਸ ਕੈਮਰੇ ਹੋਣ। ਉਹ ਭੁੱਖੇ-ਤਿਆਹੇ ਹੁੰਦੇ, ਉਹਨਾਂ ਨੂੰ ਖਾਣ-ਪੀਣ ਦੀ ਲੋੜ ਹੁੰਦੀ, ਪਰ ਉਹਨਾਂ ਨੂੰ ਲੰਗਰ ਨਾ ਛਕਣ ਦੇ ਨਿਰਦੇਸ਼ ਸਨ। ਹਾਲਾਂਕਿ ਉਹ ਵੱਡੇ ਅਫ਼ਸਰਾਂ ਤੋਂ ਲੁਕ-ਛਿਪ ਕੇ ਖਾਂਦੇ।’ ਕੌਥ ਦਾ ਕਹਿਣਾ ਸੀ, ‘ਅਸੀਂ ਇਕ-ਦੂਜੇ ਦੇ ਵਿਰੋਧੀ ਹੋ ਸਕਦੇ ਹਾਂ, ਪਰ ਡਰ ਕਾਹਦਾ ਹੈ? ਇਹ ਤਾਂ ਗੁਰੂ ਦਾ ਲੰਗਰ ਹੈ, ਸਾਡਾ ਨਹੀਂ।’
ਮੁੱਢਲੀ ਭਾਰਤੀ ਕਿਸਾਨ ਯੂਨੀਅਨ ਦੇ ਧਰਮੇਂਦ੍ਰ ਮਲਿਕ, ਜੋ ਕਿ ਮੁਜ਼ਰਫ਼ਰਨਗਰ ਮਹਾਂਪੰਚਾਇਤ ਦਾ ਮੁੱਖ ਜ਼ਮੀਨੀ ਆਯੋਜਕ ਸੀ, ਨੇ ਮੈਨੂੰ ਦੱਸਿਆ, ‘ਗੁਰੂ ਨਾਨਕ ਦੀ ੫੦੦ ਸਾਲਾ ਪੁਰਾਣੀ ਲੰਗਰ ਦੀ ਰਵਾਇਤ ਵਾਂਗ ਸਾਡੀਆਂ ਖਾਪਾਂ ਕੋਲ ਭੰਡਾਰਿਆਂ ‘ਚ ਮੁਫ਼ਤ ਖਾਣੇ ਦੀ ਰਵਾਇਤ ਹੈ। ‘ਖਾਪ ਪੰਚਾਇਤਾਂ ਕਬਾਇਲੀ ਢਾਂਚੇ ਹਨ, ਜਿਹੜੀਆਂ ਮੁਗਲਾਂ ਤੇ ਅੰਗਰੇਜ਼ਾਂ ਨਾਲ ਨਿਭੀਆਂ। ਜਦੋਂ ਖਾਪ ਕੋਈ ਆਯੋਜਨ ਕਰਦੀ ਹੈ ਤਾਂ ਪਿੰਡ ਯੋਗਦਾਨ ਪਾਉਂਦੇ, ਭੰਡਾਰਾ ਤਿਆਰ ਕਰਦੇ, ਤੇ ਸਭ ਨੂੰ ਖਾਣਾ ਦਿੰਦੇ ਹਨ। ਇਹ ਬਾਲੀਆਂ ਖਾਪ ਦਾ ਸਮਾਗਮ ਸੀ। ਫਿਰ ਵੀ ਭਾਗੀਦਾਰਾਂ ਦੀ ਵੱਡੀ ਤਾਦਾਦ ਸੀ। ਦੂਜੀਆਂ ਖਾਪਾਂ, ਹੋਰ ਜਾਤਾਂ, ਮੁਸਲਿਮ ਭਾਈਚਾਰਾ ਅਤੇ ਇੱਥੋਂ ਤਕ ਕਿ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਵੀ ਇਕਜੁਟਤਾ ਸੀ। ਭੰਡਾਰਾ ਰਸਤੇ ਉਪਰ ਕਿਲੋਮੀਟਰਾਂ ਤਕ ਫੈਲਿਆ ਹੋਇਆ ਸੀ। ਉਹਨਾਂ ਦਾ ਟੀਚਾ ਸੀ ਕਿ ਆਉਣ ਵਾਲਾ ਹਰ ਕੋਈ ਢਿੱਡ ਭਰ ਕੇ ਜਾਵੇ।’
ਜਥੇਬੰਦੀ
ਜ਼ਮੀਨ ‘ਤੇ ਗੁਰੂ ਦੇ ਲੰਗਰ ਦੀ ਭਾਵਨਾ ਵੱਖ-ਵੱਖ ਤਰੀਕਿਆਂ ਨਾਲ ਸਾਕਾਰ ਹੁੰਦੀ ਹੈ। ਅੰਦੋਲਨ ਨੂੰ ਸਮਝਣ ਦਾ ਇਕ ਮੁੱਖ ਪਹਿਲੂ ਇਹ ਜਾਣਨਾ ਹੈ ਕਿ ਜਦੋਂ ਯੂਨੀਅਨਾਂ ਨੇ ਕਿਸਾਨਾਂ ਨੂੰ ਮੁੱਦਿਆਂ ‘ਤੇ ਇਕੱਠਾ ਕੀਤਾ ਤਾਂ ਸ਼ੁਰੂਆਤੀ ਮਹੀਨਿਆਂ ਵਿਚ ਕਿਸਾਨਾਂ ਦੁਆਰਾ ਬਣਾਏ ਗਏ ਘਰਾਂ – ਸਰਦੀਆਂ ਵਾਲੇ ਤੰਬੂਆਂ, ਗਰਮੀਆਂ ਅਤੇ ਮੀਂਹ ਦੀ ਰੁੱਤ ‘ਚ ਬਾਂਸ ਦੀਆਂ ਝੌਂਪੜੀਆਂ – ਜਾਂ ਉਹਨਾਂ ਦੇ ਲੰਗਰਾਂ ਲਈ ਯੂਨੀਅਨਾਂ ਨੇ ਸਿੱਧੇ ਤੌਰ ‘ਤੇ ਕੋਈ ਯੋਗਦਾਨ ਨਹੀਂ ਪਾਇਆ। ਸਿੰਘੂ, ਜਿੱਥੇ ਕਿਸਾਨ ਯੂਨੀਅਨਾਂ ਦਾ ਸਭ ਤੋਂ ਵੱਧ ਇਕੱਠ ਸੀ, ਪਿੰਡਾਂ ਤੋਂ ਆਏ ਕਿਸਾਨ ਜੁੱਟਾਂ ਅਤੇ ਸੰਗਠਨਾਂ ਨੇ ਆਪਣੇ ਲਾਂਗਰੀ ਲਿਆਂਦੇ ਤੇ ਵੱਡੀ ਪੱਧਰ ‘ਤੇ ਲੰਗਰ ਲਾਏ। ਟਿਕਰੀ ਤੇ ਬਹਾਦਰਗੜ੍ਹ ਜਿੱਥੇ ਜ਼ਿਆਦਾਤਰ ਦੱਖਣੀ ਪੰਜਾਬ ਤੋਂ ਬੀ.ਕੇ.ਯੂ. ਉਗਰਾਹਾਂ ਤੇ ਹਰਿਆਣਵੀ ਖਾਪਾਂ ਨੇ ਸੜਕ ਦੇ ਨਾਲ-ਨਾਲ ੨੧ ਕਿਲੋਮੀਟਰ ਲੰਮਾ ਡੇਰਾ ਕੀਤਾ ਸੀ, ਉੱਥੇ ਲੋਕਾਂ ਦੀਆਂ ਝੌਂਪੜੀਆਂ ਬਲਾਕਾਂ ਤੇ ਤਹਿਸੀਲਾਂ ਦੇ ਹਿਸਾਬ ਨਾਲ ਸੰਗਠਿਤ ਕੀਤੀਆਂ ਗਈਆਂ ਸਨ ਤੇ ਉਹ ਛੋਟੇ ਗਰੁੱਪਾਂ ਵਿਚ ਖਾਣ-ਪਕਾਉਣ ਕਰਦੇ ਸਨ। ਗਾਜ਼ੀਪੁਰ ਵੱਲ ਵਧੇਰੇ ਕਰਕੇ ਲੰਗਰ ਦਿੱਲੀ, ਤਰਾਈ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਗੁਰਦੁਆਰਿਆਂ ਵੱਲੋਂ ਲਾਏ ਗਏ।
ਆਮ ਤੌਰ ‘ਤੇ ਗੁਰਦੁਆਰਿਆਂ ਦੇ ਲੰਗਰਾਂ ਵਿਚ ਮੁੱਢਲੀਆਂ ਚੀਜ਼ਾਂ ਹੁੰਦੀਆਂ ਹਨ – ਪ੍ਰਸ਼ਾਦੇ, ਦਾਲ ਤੇ ਕਦੇ-ਕਦੇ ਤਰੀ ਵਾਲੀ ਸਬਜ਼ੀ। ਧਰਨੇ ਵਿਚ ਸਰਦੀਆਂ ਵਾਲੇ ਲੰਗਰਾਂ ਵਿਚ ਬੜੀ ਵੰਨ-ਸੁਵੰਨਤਾ ਸੀ: ਆਮ ਖਾਣੇ ਤੋਂ ਇਲਾਵਾ ਆਲੂ-ਪੂਰੀਆਂ, ਕੜ੍ਹੀ-ਚੌਲ, ਰਾਜਮਾਂਹ-ਚੌਲ, ਗੁੜ ਦੀ ਰੋੜੀ ਨਾਲ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ, ਬਾਜਰੇ ਦੀਆਂ ਰੋਟੀਆਂ, ਬਰੈੱਡ-ਪਕੌੜੇ, ਬਦਾਮਾਂ ਵਾਲਾ ਦੁੱਧ, ਹਰ ਵੇਲੇ ਚਾਹ ਤੇ ਬਿਸਕੁਟ, ਗਜਰੇਲਾ, ਪਿੰਨੀਆਂ, ਮਿੱਠੇ ਜ਼ਰਦ ਚੌਲ, ਪੁਲਾਅ, ਖੀਰ, ਜਲੇਬੀਆਂ, ਮੈਗੀ, ਸੂਜੀ ਦੇ ਕੜਾਹ ਨਾਲ ਉਬਲੇ ਕਾਲੇ ਛੋਲੇ, ਕੇਲੇ, ਸੇਬ, ਸੰਤਰੇ, ਗੰਨਿਆਂ ਦੀਆਂ ਕਈ ਟਰਾਲੀਆਂ ਜੋ ਗੰਨੇ ਦੇ ਰਹੁ ਦੀ ਸੇਵਾ ਕਰਦੀਆਂ, ਇੱਥੋਂ ਤਕ ਕਿ ਖੀਰ ਵੀ ਬਣਦੀ। ਸੁੱਕੇ ਮੇਵੇ, ਪੀਜ਼ੇ, ਬਰਗਰ ਤੇ ਹੋਰ ਕਈ ਕੁਝ।
Image Credit – Jaskaran Singh Rana, 2021
ਅੰਦੋਲਨਕਾਰੀਆਂ ਨੇ ਨਾ ਸਿਰਫ਼ ਆਪਣੇ-ਆਪ ਲਈ ਬਲਕਿ ਸਿੰਘੂ-ਕੁੰਡਲੀ ਤੇ ਇਸਦੇ ਆਲ਼-ਦੁਆਲ਼ ਦੀਆਂ ਫੈਕਟਰੀਆਂ ‘ਚ ਕੰਮ ਕਰਦੇ ਮਜ਼ਦੂਰਾਂ, ਨੇੜੇ ਦੇ ਬੱਚਿਆਂ ਅਤੇ ਮੋਰਚਾ ਵੇਖਣ ਆਉਂਦਿਆਂ ਵਾਸਤੇ ਤਿੰਨ ਡੰਗ ਦੀ ਰੋਟੀ ਨੂੰ ਪੂਰਾ ਆਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ। ਉਹਨਾਂ ਨੇ ਪੂਰੀਆਂ ਤੇ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਲਗਾਈਆਂ, ਜੋ ਇਕ ਘੰਟੇ ‘ਚ ੬੦੦ ਰੋਟੀਆਂ ਤਿਆਰ ਕਰਦੀਆਂ, ਕੌਫ਼ੀ ਵਾਲੀ ਮਸ਼ੀਨ ਜੋ ਇੱਕੋ ਵਾਰੀ ੪੦ ਲੀਟਰ ਬਣਾ ਦਿੰਦੀ, ਭਾਫ਼ ਬਾਇਲਰ, ਵੱਡੇ ਕੜਾਹੇ ਜਿਹਨਾਂ ਵਿਚ ਸੈਂਕੜੇ ਲੀਟਰ ਦਾਲ-ਸਬਜ਼ੀ ਤਿਆਰ ਹੁੰਦੀ ਤੇ ਬਾਲਣ ਨਾਲ ਚੱਲਣ ਵਾਲੇ ਗੀਜਰ। ੨੬ ਜਨਵਰੀ, ੨੦੨੧ ਦੀਆਂ ਘਟਨਾਵਾਂ ਤੋਂ ਪਹਿਲਾਂ ਦਿੱਲੀ ਵਾਲਿਆਂ ਤੇ ਇੱਥੇ ਆਉਣ ਵਾਲੇ ਲੋਕਾਂ ਨੇ ਵੀ ਇਹ ਲੰਗਰ ਛਕਿਆ। ਉਹਨਾਂ ਨੇ ਮੋੜਵਾਂ ਹੁੰਗਾਰਾ ਵੀ ਦਿੱਤਾ। ਉਹ ਕੰਬਲ, ਗਰਮ ਜੁਰਾਬਾਂ, ਗੁਲੂਬੰਦ, ਗਰਮ ਪਜਾਮੇ ਤੇ ਬੁਨੈਣਾਂ, ਬੂਟ ਤੇ ਤੇਲ ਦੀਆਂ ਬੋਤਲਾਂ ਲੈ ਕੇ ਆਏ। ਜਦੋਂ ਸਿਆਲਾਂ ਦਾ ਮੀਂਹ ਆਇਆ, ਲੋਕਾਂ ਨੇ ਤੰਬੂਆਂ, ਤਰਪਾਲਾਂ, ਸਟੀਲ ਦੇ ਫ੍ਰੇਮ ਅਤੇ ਇਕੱਠੇ ਕਰਨ ਵਾਲੇ ਮੰਜਿਆਂ ਨਾਲ ਯੋਗਦਾਨ ਪਾਇਆ। ਕੱਪੜੇ ਧੋਣ ਅਤੇ ਪੈਰਾਂ ਦੀ ਮਸਾਜ ਵਾਸਤੇ ਕੁਝ ਮਸ਼ੀਨਾਂ ਸਨ। ਖਾਲਸਾ ਏਡ ਅਤੇ ਯੂਨਾਇਟਡ ਸਿੱਖਸ ਨੇ ਮਾਲ ਬਣਾ ਦਿੱਤੇ, ਜਿੱਥੋਂ ਲੋਕ ਲੋੜ ਦੀ ਚੀਜ਼ਾਂ ਮੁਫ਼ਤ ਲੈ ਸਕਦੇ ਸਨ। ਹਾਲਾਂਕਿ ਇਹਨਾਂ ਵਿਚੋਂ ਬਹੁਤੀਆਂ ਵਸਤਾਂ ਖਾਣ ਵਾਲੀਆਂ ਨਹੀਂ ਸਨ, ਪਰ ਉਹਨਾਂ ਦੀਆਂ ਲੋੜਾਂ ਨੂੰ ਵੀ ਲੰਗਰ ਵਾਂਗ ਵਰਤਾਇਆ ਗਿਆ। ਕਿਉਂਕਿ ਸੇਵਾ ਦੀ ਭਾਵਨਾ ਕਾਇਦਿਆਂ ਤੋਂ ਵਧ ਅਸਰ ਰੱਖਦੀ ਹੈ। ਸੋ ਲੰਗਰਾਂ ਵਿਚ ਸਿਰ ਢਕਣ, ਨੰਗੇ ਪੈਰ ਬਹਿਣ, ਕਤਾਰਾਂ ‘ਚ ਸਜਣ ਜਿਹੇ ਕੁਝ ਨਿਯਮ ਟੁੱਟੇ। ਲੋਕਾਂ ਦੀ ਵੱਡੀ ਗਿਣਤੀ ਨੂੰ ਭੋਜਨ ਛਕਾਉਂਦਿਆਂ, ਇਹ ਰਿਵਾਜ ਪਿੱਛੇ ਰਹਿ ਗਏ ਸਨ ਅਤੇ ਤੁਰੇ ਜਾਂਦਿਆਂ ਲਈ ਧਰਨੇ ਦੀਆਂ ਲਾਂਘੇ ਵਾਲੀਆਂ ਥਾਵਾਂ ‘ਤੇ ਲੰਗਰ ਲਾਏ ਗਏ।
੨੬ ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਨਿਵਾਸੀਆਂ ਦੀ ਪੈੜਚਾਲ ਘਟ ਗਈ। ਫਿਰ ਵੀ ਪ੍ਰਦਰਸ਼ਨਕਾਰੀ ਡਟੇ ਰਹੇ ਅਤੇ ਇਹਨਾਂ ਲਈ ਲੰਗਰ ਚਲਦੇ ਰਹੇ।
Image Credit – Jaskaran Singh Rana, 2021
ਪ੍ਰਬੰਧ
ਜਦੋਂ ਕਿਸਾਨ ਦਿੱਲੀ ਵੱਲ ਵਧੇ, ਤਾਂ ਬਹੁਤੇ ਟ੍ਰੈਕਟਰ ਮਗਰ ਦੂਹਰੀਆਂ ਟਰਾਲੀਆਂ ਸਨ। ਇਕ ਵਿਚ ਲੋਕੀਂ ਆਪ ਆਏ ਤੇ ਦੂਜੀ ਵਿਚ ਜ਼ਰੂਰੀ ਰਸਦ ਲਿਆਏ। ਜਿਵੇਂ – ਕਣਕ ਦਾ ਆਟਾ, ਚੌਲ, ਆਲੂ, ਗੰਢੇ, ਤੇਲ, ਘਿਉ, ਲੱਕੜਾਂ, ਪਾਥੀਆਂ ਆਦਿ ਜੋ ਪਿੰਡਾਂ ‘ਚੋਂ ਆਸਾਨੀ ਨਾਲ ਇਕੱਠੀਆਂ ਕੀਤੀਆਂ ਗਈਆਂ ਸਨ। ਹਾਲਾਂਕਿ ਯੂਨੀਅਨ ਲੀਡਰ ਸੁਨਿਸਚਿਤ ਨਹੀਂ ਸਨ ਕਿ ਇਹ ਧਰਨਾ ਕਿੰਨਾ ਚਿਰ ਚੱਲੇਗਾ, ਆਮ ਕਿਆਸ ਇਕ ਹਫ਼ਤੇ ਜਾਂ ਮਹੀਨੇ ਦਾ ਸੀ। ਕਿਸਾਨਾਂ ਕਿਲੇਬੰਦੀ ਕੀਤੀ ਹੋਈ ਸੀ। ਫ਼ਤਿਹਗੜ੍ਹ ਸਾਹਿਬ ਦੇ ਸਾਲਾਨਾ ਜੋੜ ਮੇਲੇ, ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਦੀ ਰਵਾਇਤ ਸਦਕਾ ਉਹਨਾਂ ਨੂੰ ਕਿਤੇ ਵੀ ਘਰ ਖੜ੍ਹਾ ਕਰਨ ਦੀ ਜਾਚ ਸੀ।
ਜਿਉਂ-ਜਿਉਂ ਕਿਸਾਨ ਲੀਡਰਾਂ ਅਤੇ ਸਰਕਾਰ ਵਿਚਕਾਰ ਮੀਟਿੰਗਾਂ ਵਧਦੀਆਂ ਗਈਆਂ ਅਤੇ ਖੜੋਤ ਜਾਰੀ ਰਹੀ, ਕਿਸਾਨਾਂ ਨੂੰ ਲੰਮੇ ਸਫ਼ਰ ਲਈ ਤਿਆਰ ਹੋਣ ਦਾ ਅਹਿਸਾਸ ਹੋਇਆ। ਪਿੰਡ ਪੱਧਰ ‘ਤੇ ਭਾਗੀਦਾਰੀ ਲਈ ਵਾਰੀਆਂ ਬੰਨ੍ਹੀਆਂ ਗਈਆਂ। ਲੋਕ ਹਫ਼ਤਾ ਭਰ ਮੋਰਚੇ ‘ਚ ਰਹਿੰਦੇ, ਟ੍ਰੈਕਟਰ-ਟਰਾਲੀਆਂ ਨਾਲ ਵਾਪਸ ਮੁੜ ਜਾਂਦੇ, ਅਗਲਾ ਜਥਾ ਦਿੱਲੀ ਵੱਲ ਤੁਰ ਪੈਂਦਾ। ਤੁਰਨ ਵੇਲੇ, ਪਿੰਡ ਵਿਚ ਯੋਗਦਾਨ ਲਈ ਸੁਨੇਹਾ ਲਾਇਆ ਜਾਂਦਾ, ਤੇ ਸਾਰੇ ਆਪਣੇ-ਆਪਣੇ ਵਿਤ ਮੁਤਾਬਿਕ ਥੋੜ੍ਹਾ-ਬਾਹਲਾ ਹਿੱਸਾ ਪਾਉਂਦੇ। ਜਿਵੇਂ ਹੀ ਮੌਸਮ ਬਦਲਿਆ, ਕੁਝ ਟਰਾਲੀਆਂ ਫਰਿੱਜਾਂ ਤੇ ਵਾਟਰ-ਕੂਲਰ ਲੈ ਆਈਆਂ। ਇਸ ਤਰ੍ਹਾਂ ਪੰਜਾਬ-ਹਰਿਆਣਾ ਦੇ ਹਰੇਕ, ਰਾਜਸਥਾਨ ਦੇ ਬਹੁਤੇ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਪਿੰਡਾਂ ਨੇ ਸੇਵਾ-ਭਾਵਨਾ ਤੇ ਲੰਗਰ ਰਾਹੀਂ ਧਰਨਿਆਂ ਵਿਚ ਹਿੱਸਾ ਪਾਇਆ।
Image Credit – Jaskaran Singh Rana, 2021
ਹਰਿਆਣੇ ਦੇ ਪਿੰਡਾਂ, ਖ਼ਾਸਕਰ ਜੋ ਧਰਨੇ ਵਾਲੀਆਂ ਥਾਵਾਂ ਦੇ ਨੇੜੇ ਸਨ, ਨੇ ਸ਼ੁਰੂ ਤੋਂ ਹੀ ਵੱਡੀ ਭੂਮਿਕਾ ਨਿਭਾਈ। ਉਹਨਾਂ ਰੋਜ਼ ਤਾਜ਼ਾ ਦੁੱਧ, ਦਹੀਂ, ਲੱਸੀ, ਸਬਜ਼ੀਆਂ ਪਹੁੰਚਾਈਆਂ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਧਰਨੇ ਵਿਚ ਭਾਗ ਲੈਣ ਲਈ ਅਕਸਰ ਪੁਲਿਸ ਤੋਂ ਲੁਕਣਾ-ਛਿਪਣਾ ਪੈਂਦਾ। ਬਹੁਤੇ ਪ੍ਰਦਰਸ਼ਨਕਾਰੀ ਖਾਲ਼ੀ ਹੱਥ ਆਉਂਦੇ, ਸਿਰਫ਼ ਚਾਦਰ, ਕੰਬਲ ਤੇ ਕੱਪੜਿਆਂ ਦੇ ਦੋ ਜੋੜੇ ਲਿਆਉਂਦੇ। ਦਿੱਲੀ ਅਤੇ ਉਹਨਾਂ ਦੇ ਇਲਾਕਿਆਂ ਦੇ ਗੁਰੂਦੁਆਰੇ, ਰਾਹਤ ਏਜੰਸੀਆਂ, ਸਿੱਖ ਸੇਵਾ ਸੰਗਠਨ ਜੋ ਲਗਾਤਾਰ ਵੱਡੇ ਸਿੱਖ ਤਿਉਹਾਰਾਂ ਨੂੰ ਓਟਦੇ ਆ ਰਹੇ ਹਨ, ਵਪਾਰੀ ਵਰਗ, ਆਮ ਨਾਗਰਿਕ, ਵਿਦੇਸ਼ਾਂ ਤੋਂ ਦਾਨੀ ਸੱਜਣ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦੇ। ਉਹ ਦੋਵੇਂ ਤਰੀਕਿਆਂ ਰਾਹੀਂ ਯੋਗਦਾਨ ਪਾਉਂਦੇ – ਪੈਸੇ ਵੀ ਦਿੰਦੇ ਤੇ ਰਸਦ ਵੀ। ਰਸੋਈ ਅਤੇ ਗੋਲਡਨ ਹੱਟ ਵਰਗੇ ਸਥਾਨਕ ਢਾਬਿਆਂ ਨੇ ਆਪਣਾ ਕਾਰੋਬਾਰ ਰੋਕ ਦਿੱਤਾ ਅਤੇ ਮੁਫ਼ਤ ਖਾਣੇ ਤੇ ਪਖਾਨਿਆਂ ਜਿਹੀਆਂ ਸਹੂਲਤਾਂ ਨਾਲ ਧਰਨਿਆਂ ਨੂੰ ਸਮਰਥਨ ਦਿੱਤਾ। ਰਸੋਈਆਂ ਦੀ ਸਫ਼ਾਈ ਯਕੀਨੀ ਬਣਾਈ ਜਾਂਦੀ, ਕੁਝ ਹਫ਼ਤਿਆਂ ਮਗਰੋਂ ਪਲਾਸਟਿਕ ਦੀਆਂ ਪਲੇਟਾਂ ਅਤੇ ਸਟਾਈਰੋਫੋਮ ਦੇ ਕੱਪ ਸਟੀਲ ਦੇ ਭਾਂਡਿਆਂ ਦੁਆਰਾ ਚੱਕ ਲਏ ਜਾਂਦੇ। ਮੈਡੀਕਲ ਮਾਹਿਰਾਂ ਦੁਆਰਾ ਚਲਾਏ ਜਾਂਦੇ ਮੈਡੀਕਲ ਲੰਗਰਾਂ ਦਾ ਪ੍ਰਬੰਧ ਵੀ ਸੁਚਾਰੂ ਸੀ, ਬਹੁਤ ਸਾਰੀਆਂ ਲਾਇਬ੍ਰੇਰੀਆਂ ਕਿਤਾਬਾਂ ਦੀ ਪੂਰਤੀ ਦੇ ਨਾਲ-ਨਾਲ ਸਥਾਨਕ ਬੱਚਿਆਂ ਨੂੰ ਸਿੱਖਿਆ ਦੇਣ ਲੱਗੀਆਂ।
Image Credit – Jaskaran Singh Rana, 2021
ਮੁਕਦੀ ਗੱਲ
ਜਿਸ ਪੱਟੀ ਦੇ ਕਿਸਾਨ ਅੰਦੋਲਨ ਵੱਲ ਅਹੁਲੇ ਹਨ, ਅਸਲ ਵਿਚ ਉਹਨਾਂ ਅੱਧੀ ਸਦੀ ਨਾਲੋਂ ਵੱਧ ਸਮੇਂ, ਇੱਥੋਂ ਤਕ ਕਿ ਹਰੀ ਕ੍ਰਾਂਤੀ ਦੇ ਆਗਮਨ ਵੇਲੇ ਤੋਂ ਰਾਸ਼ਟਰ ਦਾ ਢਿੱਡ ਭਰਿਆ ਹੈ। ਦਰਅਸਲ ਅੰਦੋਲਨ ਦਾ ਕਾਰਨ ਇਹ ਹੈ ਕਿ ਇਹਨਾਂ ਕਿਸਾਨਾਂ ਨੇ ਹਰੀ ਕ੍ਰਾਂਤੀ ਤੋਂ ਬਾਅਦ ਦੇ ਪ੍ਰਭਾਵ ਹੰਢਾਏ ਹਨ, ਜਿਹਨਾਂ ਨੂੰ ਹੁਣ ਤਕ ਕੋਈ ਸਰਕਾਰ ਮੁਖਾਤਿਬ ਨਹੀਂ ਹੋਈ।
ਕਰੜੇ, ਅਸੰਵਿਧਾਨਿਕ ਖੇਤੀ ਕਾਨੂੰਨ ਪਾਰਲੀਮੈਂਟ ‘ਚ ਵੋਇਸ ਵੋਟ ਜ਼ਰੀਏ ਥੋਪ ਦਿੱਤੇ ਗਏ, ਜੋ ਅਸਲ ਵਿਚ ਪੂੰਜੀਵਾਦੀ ਮੰਡੀ ਦੀਆਂ ਭਾਈਵਾਲ ਤਾਕਤਾਂ ਦਾ ਅਖ਼ੀਰ ਸਨ, ਜੋ ਸਰਕਾਰ ਉੱਤੇ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਨ ਤੇ ਨਿੱਜੀ ਕਾਰਪੋਰੇਟਾਂ ਦੇ ਵੱਸ ਪੈਣ ਲਈ ਦਬਾਅ ਪਾਉਂਦੀਆਂ ਹਨ। ਵਿਸ਼ਵ ਵਪਾਰ ਸੰਗਠਨ ਅਤੇ ਅੰਤਰ-ਰਾਸ਼ਟਰੀ ਮੁਦਰਾ ਫੰਡ ਉਹਨਾਂ ਨੂੰ ਵੱਡੇ ਡੈਟਾ ‘ਚ ਰੁਚਿਤ ਵੱਡੀ ਟੈਕਨਾਲੋਜੀ ਦੇ ਹਿਤ ‘ਚ ਜਾਣ ਲਈ ਧੱਕਦੇ ਹਨ ਤਾਂ ਕਿ ਉਹ ਸਮੁੱਚੇ ਖੇਤੀਬਾੜੀ ਸੈਕਟਰ ‘ਤੇ ਕਬਜ਼ਾ ਕਰ ਸਕਣ।
ਅੰਦੋਲਨ ਦੇ ਇਕ ਸਾਲ ਬਾਅਦ ਤਕ ਵੀ ਇਹ ਸਾਫ਼ ਸੀ ਕਿ ਅੰਤਰ-ਰਾਸ਼ਟਰੀ ਸੰਸਥਾਵਾਂ, ਵੱਡੀਆਂ ਟੈਕਨਾਲੋਜੀਕਲ ਕਾਰਪੋਰੋਸ਼ਨਾਂ, ਭੁਗਤਾਨ-ਲੜੀ ਪ੍ਰਬੰਧਨ ਕੰਪਨੀਆਂ, ਤੇ ਇਥੋਂ ਤਕ ਕਿ ਰਾਸ਼ਟਰੀ ਸੱਤਾ ਵੀ ਅੰਦੋਲਨ ਜਾਂ ਲੰਗਰ ਦਾ ਕੁਝ ਨਾ ਵਿਗਾੜ ਸਕੀਆਂ ਨਾ ਹੀ ਇਸਦੀ ਰੀਸ ਕਰ ਸਕੀਆਂ। ਸਿਰਫ਼ ਏਸ ਗੱਲੋਂ ਕਿ ਸੇਵਾ ਦੀ ਭਾਵਨਾ ਦਾ ਕੋਈ ਮੁੱਲ ਨਹੀਂ ਹੁੰਦਾ। ਕਿਸਾਨਾਂ, ਜੋ ਵਰਦੀ ਵਿਚ ਸਿਪਾਹੀ ਵੀ ਹੁੰਦੇ ਹਨ, ਨੇ ਇਹ ਸੁਨੇਹਾ ਦੇਣ ਦੀ ਧਾਰ ਲਈ ਸੀ: ‘ਨੋ ਫਾਰਮਰ ਨੋ ਫੂਡ’ ਯਾਨੀ ‘ਕਿਸਾਨ ਨਹੀਂ ਤਾਂ ਅੰਨ ਨਹੀਂ’। ਉਹ ਇਹ ਕੰਮ ਮੁਫ਼ਤ ਖਾਣਾ, ਮੁਫ਼ਤ ਰਹਿਣ-ਸਹਿਣ, ਮੁਫ਼ਤ ਕੱਪੜਿਆਂ, ਮੁਫ਼ਤ ਡਾਕਟਰੀ ਸਹਾਇਤਾ, ਮੁਫ਼ਤ ਸਿੱਖਿਆ ਰਾਹੀਂ ਅਤੇ ਸਰਕਾਰ ਅੱਗੇ ਇਹ ਸਵਾਲ ਰੱਖਦਿਆਂ ਕਰ ਰਹੇ ਸਨ ਕਿ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤੇਰਾ ਰੋਲ ਕੀ ਹੈ? ਅੰਦੋਲਨ ਦੇ ਆਦਿ-ਬਿੰਦੂ ਤੋਂ ਜਦੋਂ ਇਹ ਪੁੱਛਿਆ ਜਾਂਦਾ: ਸਰਕਾਰ ਕਦੋਂ ਸੁਣੂਗੀ? ਅੰਤ ਇੱਥੇ ਹੀ ਹੁੰਦਾ: ਇਸਨੂੰ ਸੁਣਨਾ ਪਵੇਗਾ!
ਇਹ ਉਹਨਾਂ ਦੀ ਦ੍ਰਿੜਤਾ ਸੀ, ਜਿਹੜੀ ਲੰਗਰ ਅਤੇ ਸੇਵਾ ਦੀ ਤਾਕਤ ਉਤੇ ਟਿਕੀ ਹੋਈ ਸੀ।
ਅੰਤਿਕਾ: ਅਖੀਰ ੧੧ ਨਬੰਬਰ, ੨੦੨੧ ਨੂੰ ਗੁਰੂ ਨਾਨਕ ਦੇ ੫੫੨ਵੇਂ ਪ੍ਰਕਾਸ਼ ਉਤਸਵ ਮੌਕੇ, ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ, ਸਰਕਾਰ ਢੈਲ਼ੀ ਪੈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਇਕ-ਤਰਫ਼ਾ ਫ਼ੈਸਲਾ ਸੁਣਾਇਆ। ਸੰਸਦ ਦੇ ਸਰਦ ਰੁੱਤ ਸ਼ੈਸ਼ਨ ਦੇ ਪਹਿਲੇ ਦਿਨ ਰਸਮੀ ਤੌਰ ‘ਤੇ ਕਾਨੂੰਨ ਵਾਪਿਸ ਲੈ ਲਏ ਗਏ। ਇਹ ਸਰਕਾਰ ਪ੍ਰਤੀ ਖੁੱਸੇ ਭਰੋਸੇ ਦੀ ਹੀ ਨਿਸ਼ਾਨੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਾਨੂੰਨਾਂ ਦੀ ਸੰਸਦ ਵਿਚ ਵਾਪਸੀ ਤਕ ਉਡੀਕ ਕੀਤੀ ਤੇ ਫਿਰ ਅੰਦੋਲਨ ਚੱਕਿਆ। ਮੰਗਾਂ ਹਾਲੇ ਵੀ ਬਾਕੀ ਹਨ: ੨੩ ਫ਼ਸਲਾਂ ਉੱਤੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨ ਬਣਨ, ਬਿਜਲੀ ਦੇ ਨਿੱਜੀਕਰਨ ਸੰਬੰਧੀ ਕਾਨੂੰਨ ਅਤੇ ਸਖ਼ਤ ਪ੍ਰਦੂਸ਼ਣ ਕਾਨੂੰਨ ਵਾਪਿਸ ਲਏ ਜਾਣ, ਅੰਦੋਲਨ ਦੌਰਾਨ ਕਿਸਾਨਾਂ ਉੱਤੇ ਦਰਜ ਕੀਤੇ ਗਏ ਪੰਜਾਹ ਹਜ਼ਾਰ ਤੋਂ ਵੱਧ ਪਰਚੇ ਵਾਪਿਸ ਲਏ ਜਾਣ। ਸਰਕਾਰ ਨੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਹੈ। ੯ ਦਸੰਬਰ, ੨੦੨੧ ਨੂੰ ਧਰਨਾ ਰਸਮੀ ਤੌਰ ‘ਤੇ ਚੱਕ ਲਿਆ ਗਿਆ। ਸਰਕਾਰ ਹਾਲੇ ਵੀ ਵਾਅਦਿਆਂ ਨੂੰ ਪੂਰਨ ਤੋਂ ਮੁਨਕਰ ਹੈ।
ਸੁਖਜੀਤ ਸਿੰਘ ਦੇ ਵਿਸਤ੍ਰਿਤ ਸੁਝਾਵਾਂ ਸਹਿਤ
Image Credit – Jaskaran Singh Rana, 2021